ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦਰਸਾ ਕੇ ਝੂਠੀ ਕੀਤੀ ਜਾ ਇਸ਼ਤਿਹਾਰਬਾਜੀ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ : ਸਾਬਕਾ ਵਿਧਾਇਕ  ਮੰਗੂਪੁਰ 

ਬਲਾਚੌਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਦੇਸ਼ ਭਰ 'ਚ ਮਾਨ ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦਰਸਾ ਕੇ ਝੂਠੀ ਕੀਤੀ ਜਾ ਇਸ਼ਤਿਹਾਰਬਾਜੀ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਲਾਚੌਰ ਤੋ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇੱਕ ਪ੍ਰੈਸ ਬਿਆਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਕਿਸਾਨਾਂ, ਮੁਲਾਜ਼ਮਾਂ, ਗਰੀਬਾਂ ਅਤੇ ਰੁਜ਼ਗਾਰ ਉਡੀਕਦੇ ਨੌਜਾਵਨਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ?, ਸੱਤ ਮਹੀਨਿਆਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 200 ਦੇ ਕਰੀਬ ਨੌਜਵਾਨਾਂ ਦੀ ਮੌਤ, 80 ਦੇ ਕਰੀਬ ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰਾਂ 'ਤੇ ਲਾਠੀਚਾਰਜ, ਨੌਕਰੀ ਘੁਟਾਲਾ, ਸ਼ਰਾਬ ਘੁਟਾਲਾ, ਗ਼ੈਰਕਾਨੂੰਨੀ ਮਾਇਨਿੰਗ ਦਾ ਬਹੁ ਕਰੋੜੀ ਘੁਟਾਲਾ ਅਤੇ ਗੈਂਗਵਾਰਾਂ ਸਮੇਤ ਗੈਂਗਸਟਰਾਂ ਦਾ ਪੁਲਿਸ ਹਿਰਾਸਤ ਚੋ ਫਰਾਰ ਹੋਣਾ ਤੁਹਾਡੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ 'ਚ ਸ਼ੁਮਾਰ ਹੈ। ਅਜਿਹੇ 'ਚ ਪੈਸੇ ਦੀ ਬਰਬਾਦੀ ਕਰਕੇ ਝੂਠੀ ਇਸ਼ਤਿਹਾਰਬਾਜੀ ਕਰਨਾ ਪੰਜਾਬ ਦੇ ਆਰਥਿਕ ਹਿੱਤਾਂ ਦੇ ਵਿਰੁੱਧ ਤਾਂ ਹੈ ਹੀ ਪ੍ਰਸਾਸ਼ਨਿਕ ਸਮਝ ਤੋਂ ਹੀਣੇ ਮੁੱਖ ਮੰਤਰੀ ਦੇ ਜਾਅਲੀ ਤੇ ਝੂਠੇ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਵੀ ਹਨ। ਗੈਂਗਸਟਰ ਆਪਣੀ ਵਟਸਐਪ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਭਰਤੀ ਕਰ ਰਹੇ ਹਨ। ਰੰਗਲੇ ਪੰਜਾਬ ਬਣਾਉਣ ਦਾ ਵਾਅਦਾ ਕਰਨ ਵਾਲੀ ‘ਆਪ’ ਪੰਜਾਬ ਨੂੰ ਜੰਗਲ ਤੇ ਕੰਗਾਲੀ ਰਾਜ ਵੱਲ ਧੱਕ ਰਹੀ ਹੈ। ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ‘ਆਪ’ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ। ਇਨ੍ਹਾਂ ਇਸ਼ਤਿਹਾਰਾਂ ਨਾਲ ਪੰਜਾਬ ਉਤੇ ਹੋਰ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਸਰਕਾਰ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਭਲੀਭਾਂਤ ਜਾਣੂ ਹਨ।