- ਪੰਜਾਬ ਨੇ ਉਤਪਾਦਨ ਖੇਤਰ ਵਿੱਚ 300 ਤੋਂ ਵੱਧ ਉਦਯੋਗਿਕ ਪ੍ਰਾਜੈਕਟ ਕੀਤੇ ਆਕਰਸ਼ਿਤ: ਅਨਮੋਲ ਗਗਨ ਮਾਨ
ਚੰਡੀਗੜ, 22 ਮਈ : ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵੀਂ ਉਦਯੋਗਿਕ ਨੀਤੀ ਅਤੇ ਕਾਰੋਬਾਰ ਸਥਾਪਤ ਕਰਨ ਸਬੰਧੀ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਨੇ ਉਦਯੋਗਿਕ ਖੇਤਰ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ ਹੈ। ਪੰਜਾਬ ਵੱਲੋਂ ਜਨਵਰੀ 2023 ਤੋਂ ਮਾਰਚ 2023 ਤੱਕ ਕੁੱਲ 507 ਉਦਯੋਗਿਕ ਪ੍ਰਾਜੈਕਟ ਹਾਸਲ ਕੀਤੇ ਗਏ ਹਨ, ਜਿਨਾਂ ਵਿੱਚੋਂ 318 ਪ੍ਰਾਜੈਕਟ ਉਤਪਾਦਨ ਖੇਤਰ, 139 ਸੇਵਾ ਖੇਤਰ ਅਤੇ 50 ਰੀਅਲ ਅਸਟੇਟ ਸੈਕਟਰ ਨਾਲ ਸਬੰਧਤ ਹਨ। ਨਿਵੇਸ਼ਾਂ ਵਿੱਚ ਮਜ਼ਬੂਤ ਵਾਧਾ ਆਪਣੇ ਉਤਪਾਦਨ ਕਾਰਜਾਂ ਦਾ ਵਿਸਤਾਰ ਕਰਨ ਦੇ ਯਤਨ ਕਰ ਰਹੇ ਨਵੇਂ ਕਾਰੋਬਾਰਾਂ ਲਈ ਸੂਬੇ ਵਿੱਚ ਮਜਬੂਤ ਸੰਭਾਵਨਾਵਾਂ ਅਤੇ ਖਿੱਚ ਨੂੰ ਦਰਸਾਉਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੀ ਮੌਜੂਦਗੀ ਵਿਚ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2023 ਵਿਚ ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ -2022 ਦਾ ਉਦਘਾਟਨ ਕੀਤਾ ਗਿਆ। ਇੱਕ ਰਣਨੀਤਕ ਸਥਿਤੀ, ਹੁਨਰਮੰਦ ਮਨੁੱਖੀ-ਸ਼ਕਤੀ ਅਤੇ ਨਿਵੇਸ਼ਕ ਪੱਖੀ ਨੀਤੀਆਂ ਦੇ ਨਾਲ, ਪੰਜਾਬ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਲਈ ਇੱਕ ਮਨਪਸੰਦ ਸਥਾਨ ਬਣ ਗਿਆ ਹੈ ਜੋ ਰਾਜ ਦੀ ਵਿਸ਼ਾਲ ਨਿਰਮਾਣ ਸਮਰੱਥਾ ਦਾ ਲਾਭ ਉਠਾਉਣਾ ਚਾਹੁੰਦੇ ਹਨ। ਰਾਜ ਨੇ ਆਟੋਮੋਟਿਵ, ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ, ਅਤੇ ਨਵਿਆਉਣਯੋਗ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਨਿਵੇਸ਼ ਆਕਰਸ਼ਿਤ ਕੀਤਾ ਹੈ। ਇਹ ਵਿਭਿੰਨਤਾ ਵੱਖ-ਵੱਖ ਖੇਤਰਾਂ ਨੂੰ ਪੂਰਾ ਕਰਨ ਅਤੇ ਸਥਾਈ ਆਰਥਿਕ ਵਿਕਾਸ ਲਈ ਆਪਣੇ ਸਰੋਤਾਂ ਦਾ ਲਾਭ ਉਠਾਉਣ ਸਬੰਧੀ ਰਾਜ ਦੀ ਯੋਗਤਾ ਨੂੰ ਦਰਸਾਉਂਦੀ ਹੈ। ਨਿਵੇਸ਼ ਮੁੱਖ ਤੌਰ ‘ਤੇ ਐਗਰੀ ਅਤੇ ਫੂਡ ਪ੍ਰੋਸੈਸਿੰਗ (720 ਕਰੋੜ ਰੁਪਏ), ਐਨ.ਆਰ.ਐਸ.ਈ. ਪਾਵਰ ਪ੍ਰੋਜੈਕਟ (400 ਕਰੋੜ ਰੁਪਏ), ਫਾਰਮਾਸੂਟੀਕਲ (300 ਕਰੋੜ ਰੁਪਏ), ਅਤੇ ਆਟੋ ਤੇ ਆਟੋ ਕੰਪੋਨੈਂਟਸ (160 ਕਰੋੜ ਰੁਪਏ) ਵਿੱਚ ਕੀਤੇ ਗਏ ਹਨ। . ਕੁਝ ਵੱਡੇ ਪ੍ਰੋਜੈਕਟ ਏਪੀਆਈਐਮਜੇਏ ਫਾਰਮਾਸਿਊਟੀਕਲ, ਸਟਾਰ ਫੂਡਜ, ਖੰਨਾ ਪੇਪਰ ਮਿੱਲਜ, ਮਾਈਂਡਰਗ ਬਾਇਓਲੋਜਿਕਸ, ਰਘੂਵੰਸ਼ੀ ਐਗਰੋ ਕੈਮੀਕਲਜ਼ ਅਤੇ ਬਾਇਓ ਫਿਊਲ, ਥਿੰਦ ਗ੍ਰੀਨ ਐਨਰਜੀ, ਐਡਲਰ ਵੁੱਡ, ਐਲਡੀਸੀਅਸ ਫਰੋਜ਼ਨ, ਜੈ ਪਾਰਵਤੀ ਫੋਰਜ, ਫੋਰਜ ਮੈਕ ਆਟੋ ਵਰਗੀਆਂ ਕੰਪਨੀਆਂ ਨਾਲ ਸਬੰਧਤ ਹਨ। ਨਿਵੇਸ਼ਾਂ ਵਿੱਚ ਇਹ ਵਾਧਾ ਸੂਬੇ ਦੇ ਵਪਾਰਕ ਮਾਹੌਲ ਵਿੱਚ ਕਾਰੋਬਾਰਾਂ ਦੇ ਵੱਧ ਰਹੇ ਵਿਸ਼ਵਾਸ਼ ਨੂੰ ਦਰਸਾਉਂਦਾ ਹੈ। ਇਹ ਭਰਪੂਰ ਹੁੰਗਾਰਾ ਸੂਬਾ ਸਰਕਾਰ ਵੱਲੋਂ ਨਿਵੇਸ਼ਕ-ਪੱਖੀ ਨੀਤੀਆਂ ਨੂੰ ਲਾਗੂ ਕਰਨ, ਕਾਰੋਬਾਰ ਸ਼ੁਰੂ ਕਰਨ ਨੂੰ ਸੁਖਾਲਾ ਬਣਾਉਣ ਸਬੰਧੀ ਪਹਿਲਕਦਮੀਆਂ, ਨਿਵੇਸ਼ ਪੰਜਾਬ ਦੀ ਸਰਲ ਸਿੰਗਲ ਵਿੰਡੋ ਪ੍ਰਣਾਲੀ ਰਾਹੀਂ ਨਿਵੇਸ਼ਕਾਂ ਨੂੰ ਹੈਂਡਹੋਲਡਿੰਗ ਪ੍ਰਦਾਨ ਅਤੇ ਰੈਗੂਲੇਟਰੀ ਕਲੀਅਰੈਂਸ ਪ੍ਰਦਾਨ ਕਰਨਾ, ਅਤੇ ਸਮਾਂਬੱਧ ਢੰਗ ਨਾਲ ਵੱਖ-ਵੱਖ ਪ੍ਰੋਤਸਾਹਨ ਅਤੇ ਸਬਸਿਡੀਆਂ ਦੀ ਪੇਸ਼ਕਸ਼ ਕਰਨ ਸਦਕਾ ਸੰਭਵ ਹੋ ਸਕਿਆ ਹੈ। ਇਨਾਂ ਉਪਾਵਾਂ ਨੇ ਰਾਜ ਦੀ ਮੁਕਾਬਲੇਬਾਜ਼ੀ ਨੂੰ ਮਜਬੂਤ ਕੀਤਾ ਹੈ ਅਤੇ ਕਾਰੋਬਾਰਾਂ ਨੂੰ ਪੰਜਾਬ ਨੂੰ ਨਿਵੇਸ਼ ਲਈ ਆਪਣੇ ਤਰਜੀਹੀ ਸਥਾਨ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਹੈ। ਇਨਵੈਸਟਮੈਂਟ ਪ੍ਰੋਤਸਾਹਨ ਮੰਤਰੀ, ਅਨਮੋਲ ਗਗਨ ਮਾਨ ਨੇ ਨਿਵੇਸ਼ ਦੇ ਵਾਧੇ ਬਾਰੇ ਆਸ ਪ੍ਰਗਟ ਕਰਦੇ ਹੋਏ ਕਿਹਾ, “ਇਸ ਸਾਲ ਦੀ ਸੁਰੂਆਤ ਵਿੱਚ ਪੰਜਾਬ ਦੇ ਉਤਪਾਦਨ ਖੇਤਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ, ਜੋ ਕਿ ਵਪਾਰ ਪੱਖੀ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਨਿਵੇਸ਼ਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਕਾਰੋਬਾਰ ਪ੍ਰਫੁੱਲਿਤ ਕਰਨ ਲਈ ਢੁਕਵਾਂ ਮਾਹੌਲ ਦਿੰਦੇ ਰਹਾਂਗੇ ਤਾਂ ਜੋ ਇਨਵੈਸਟ ਪੰਜਾਬ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੋਏ ਨਵੀਨਤਾ, ਰੁਜਗਾਰ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦਾ ਰਹੇ।’’ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਸਟੇਟ ਸਿੰਗਲ ਵਿੰਡੋ ਸਿਸਟਮ (ਇਨਵੈਸਟ ਪੰਜਾਬ ਬਿਜਨਸ ਫਸਟ ਪੋਰਟਲ) ਰਾਹੀਂ ਰੈਗੂਲੇਟਰੀ ਕਲੀਅਰੈਂਸ ਦੇਣ ਲਈ ਸੁਚਾਰੂ ਪ੍ਰਕਿਰਿਆ, ਰਾਜ ਨੂੰ ਉਤਪਾਦਨ ਖੇਤਰ ਲਈ ਨਿਵੇਸ਼ ਦੇ ਇੱਕ ਵਧੀਆ ਸਥਾਨ ਵਜੋਂ ਉਭਾਰਦੀ ਹੈ।