- ਆਪ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਦੇ ਬਿਆਨ ਨੂੰ ਨਕਾਰਿਆ ਅਤੇ ਨਿੰਦਾ ਕੀਤੀ, ਕਿਹਾ- ਕਿ ਪੰਜਾਬ ਯੂਨੀਵਰਸਿਟੀ 'ਤੇ ਕਿਸੇ ਹੋਰ ਰਾਜ ਦਾ ਕੋਈ ਅਧਿਕਾਰ ਨਹੀਂ ਹੈ
- ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਭਾਵਨਾਤਮਕ, ਇਤਿਹਾਸਕ ਅਤੇ ਸੰਵਿਧਾਨਕ ਹੱਕ ਹੈ: ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 24 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਹਰਿਆਣਾ ਦੇ ਕਾਲਜਾਂ ਨੂੰ ਮਾਨਤਾ ਦੇਵੇ। ਵਾਈਸ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਅਤੇ ਉਨ੍ਹਾਂ ਦੇ ਤਾਜ਼ਾ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਖਲਬਲੀ ਮਚਾ ਦਿੱਤੀ ਹੈ। ਇੱਕ ਬਿਆਨ ਜਾਰੀ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੀਯੂ ਪੰਜਾਬ ਦੀ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਸ 'ਤੇ ਸਾਡਾ ਭਾਵਨਾਤਮਕ, ਇਤਿਹਾਸਕ ਅਤੇ ਸੰਵਿਧਾਨਕ ਹੱਕ ਹੈ। ਕਿਸੇ ਵੀ ਹਰਿਆਣਾ ਕਾਲਜ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਤੋਂ ਇਲਾਵਾ ਕਿਸੇ ਹੋਰ ਰਾਜ ਦਾ ਪੀਯੂ ਉੱਤੇ ਕੋਈ ਅਧਿਕਾਰ ਨਹੀਂ ਹੈ। ਕੰਗ ਨੇ ਅੱਗੇ ਕਿਹਾ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਭਾਜਪਾ ਦੇ ਪੱਖਪਾਤੀ ਏਜੰਟ ਵਜੋਂ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਹੱਕਾਂ 'ਤੇ ਹਮਲੇ ਕਰਦੀ ਰਹਿੰਦੀ ਹੈ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਪੰਜਾਬ ਦੇ ਇਨ੍ਹਾਂ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰੇਗੀ। ਕੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ ਹੁਣ ਇਸ ਮਾਮਲੇ 'ਤੇ ਭਾਜਪਾ ਅਤੇ ਮੀਤ ਪ੍ਰਧਾਨ ਖਿਲਾਫ ਪ੍ਰਦਰਸ਼ਨ ਕਰਨ। ਉਨ੍ਹਾਂ ਨੇ ਜਾਖੜ ਨੂੰ ਥੋੜਾ ਹੌਂਸਲਾ ਰੱਖਣ ਅਤੇ ਇਸ ਧੋਖੇਬਾਜ਼ ਹਰਕਤ ਦੀ ਨਿੰਦਾ ਕਰਨ ਅਤੇ ਪੀਯੂ ਦੇ ਢਾਂਚੇ ਨੂੰ ਬਦਲਣ ਦੇ ਖਿਲਾਫ ਖੜ੍ਹੇ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂਆਂ ਨੂੰ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਮਾਮਲਿਆਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਕੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਆਗੂਆਂ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਉਹ ਸਾਰੇ ਇੱਕੋ ਜਿਹੇ ਹਨ ਅਤੇ ਪੰਜਾਬ ਲਈ ਉਨ੍ਹਾਂ ਦੀ ਕੋਈ ਚੰਗੀ ਨੀਅਤ ਨਹੀਂ ਹੈ।