ਚੰਡੀਗੜ੍ਹ, 21 ਮਈ : ਕੱਲ੍ਹ ਡਾ. ਦਰਸ਼ਨ ਸਿੰਘ ਹਰਵਿੰਦਰ ਦਾ ਭੇਜਿਆ ਨਿੱਕਾ ਜਿਹਾ ਲੇਖ ਅੰਗਰੇਜ਼ੀ ਵਿੱਚ ਮਿਲਿਆ। ਸੰਦੀਪ ਸਿੰਘ ਵਿਰਕ ਦਾ ਲਿਖਿਆ ਹੋਇਆ। ਉਹ ਵਿਰਕ ਸਾਹਿਬ ਦੇ ਸਪੁੱਤਰ ਨੇ। ਵਿਰਕ ਸਾਹਿਬ ਉਨ੍ਹਾਂ ਦੇ ਨਾਇਕ ਸਨ ਬਚਪਨ ਤੋਂ ਹੀ। ਲੇਖ ਨੇ ਦੱਸਿਆ। ਅਸੀਂ ਉਹ ਲੋਕ ਹਾਂ ਜਿੰਨ੍ਹਾਂ ਸਾਰਿਆਂ ਨੇ ਹੀ ਦਸਵੀਂ ਜਾਂ ਅਗਲੇਰੀ ਪੜ੍ਹਾਈ ਵਿੱਚ ਸਃ ਕੁਲਵੰਤ ਸਿੰਘ ਵਿਰਕ ਜੀ ਦੀਆਂ ਕਹਾਣੀਆਂ ਤੋਂ ਦੇਸ਼ ਵੰਡ ਬਾਰੇ ਦਰਦ ਸੰਵੇਦਨਾ ਦਾ ਸਬਕ ਪੜ੍ਹਿਆ ਹੈ। ਕੱਲ੍ਹ ਉਨ੍ਹਾਂ ਦਾ ਜਨਮ ਦਿਨ ਲੰਘ ਗਿਆ। ਸਾਥੋਂ ਕਿਸੇ ਤੋਂ ਵੀ ਚਾਰ ਅੱਖਰ ਨਾ ਸਰੇ। ਕਿੰਨੇ ਅਲਗਰਜ਼ ਹਾਂ ਅਸੀਂ ਪੁਰਖ਼ਿਆਂ ਬਾਰੇ। ਵਿਰਕ ਸਾਹਿਬ ਦੀਆਂ ਲਿਖਤਾਂ ਤਾਂ 1967-68 ਚ ਹੀ ਮੇਰੇ ਵੱਡੇ ਵੀਰਾਂ ਦੀ ਲੁਆਈ ਪ੍ਰੀਤਲੜੀ ਸਦਕਾ ਮਿਲਣ ਲੱਗੀਆਂ ਪਰ ਪਹਿਲੀ ਮੁਲਾਕਾਤ 1972 ਚ ਹੋਈ। ਉਹ ਵੀ ਏਨੀ ਕੁ ਜਿਵੇਂ ਦੂਰੋਂ ਤਾਜ ਮਹੱਲ ਵੇਖੀਦੈ। ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ‘ਚ ਉਹ ਕਿਸੇ ਸਮਾਗਮ ਦੀ ਪ੍ਰਧਾਨਗੀ ਕਰਨ ਅੰਬੈਸਡਰ ਕਾਰ ਤੇ ਆਏ ਸਨ ਡਾਃ ਸ ਪ ਸਿੰਘ ਜੀ ਦੇ ਬੁਲਾਵੇ ਤੇ। ਫਿਰ ਅਨੰਤ ਮੁਲਾਕਾਤਾਂ। ਪੰਜਾਬ ਖੇਤੀ ਯੂਨੀਵਰਸਿਟੀ ਜਾਣ ਦਾ ਬਹਾਨਾ ਹੀ ਲੱਭਦੇ ਰਹਿੰਦੇ। ਡਾਃ ਮ ਸ ਰੰਧਾਵਾ, ਕੁਲਵੰਤ ਸਿੰਘ ਵਿਰਕ ਤੇ ਪ੍ਰੋਃ ਮੋਹਨ ਸਿੰਘ ਨੂੰ ਵੇਖਾਂਗੇ। ਉਥੇ ਹੀ ਪਹਿਲੀ ਵਾਰ ਅਜਾਇਬ ਚਿਤਰਕਾਰ ਤੇ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਜੀ ਨੂੰ ਮਿਲੇ। 1983 ਵਿੱਚ ਜਦ ਮੈਂ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਆ ਗਿਆ ਤਾਂ ਵੇਖਿਆ ਕਿ ਉਹ ਉਹ ਆਮ ਤੌਰ ਤੇ ਪੈਦਲ ਤੁਰ ਕੇ ਬਹੁਤੇ ਰਾਜ਼ੀ ਹੁੰਦੇ ਸਨ। ਉਹ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਜਾਇੰਟ ਡਾਇਰੈਕਟਰ ਸਨ। ਬਹੁਤ ਘੱਟ ਲੋਕ ਜਾਣਦੇ ਨੇ ਕਿ ਪੰਜਾਬੀ ਵਿੱਚ ਖੇਤੀਬਾੜੀ ਸਾਹਿੱਤ ਪ੍ਰਕਾਸ਼ਨ ਦੇ ਉਹ ਪ੍ਰਥਮ ਵਿਉਂਤਕਾਰ ਹਨ। ਉਹ ਦਿੱਲੀ ਵੱਸਦੇ ਕਵੀ ਤੇ ਅਨੁਵਾਦਕ ਗੁਲਵੰਤ ਤੋਂ ਅੰਗਰੇਜ਼ੀ ਚ ਲਿਖੇ ਖੇਤੀ ਕਿਤਾਬਚੇ ਅਨੁਵਾਦ ਕਰਵਾ ਕੇ ਨਵਯੁਗ ਪ੍ਰੈੱਸ ਵਾਲੇ ਭਾਪਾ ਪ੍ਰੀਤਮ ਸਿੰਘ ਜੀ ਤੋਂ ਛਪਵਾ ਕੇ ਕਿਸਾਨ ਮੇਲਿਆਂ ਚ ਕਿਸਾਨ ਵੀਰਾਂ ਨੂੰ ਆਪਣੇ ਅਧੀਨ ਕੰਮ ਕਰਦੇ ਵਿਕਰੀ ਕੇਂਦਰ ਰਾਹੀਂ ਵੰਡਦੇ। ਨਵਯੁਗ ਦੇ ਆਰੰਭ ਬਿੰਦੂ ਸਨ ਉਹ ਖੇਤੀ ਵਿਕਾਸ ਦੇ ਮੌਲਿਕ ਸੁਪਨਕਾਰ ਵਜੋਂ। ਨਿੱਕੀਆਂ ਨਿੱਕੀਆਂ ਅੱਖਾਂ ਕਿੰਨੀ ਦੂਰ ਤੀਕ ਵੇਖ ਸਕਦੀਆਂ ਨੇ, ਇਸ ਦੀ ਮਿਸਾਲ ਵਿਰਕ ਸਾਹਿਬ ਸਨ। ਵਿਰਕ ਸਾਹਿਬ ਖਾਲਸਾ ਕਾਲਿਜ ਅੰਮ੍ਰਿਤਸਰ ਚ ਪੜ੍ਹੇ ਸਨ ਜਿੱਥੇ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਉਨ੍ਹਾਂ ਦੇ ਸਹਿਪਾਠੀ ਸਨ। ਸਃ ਸੂਬਾ ਸਿੰਘ ਤੇ ਪ੍ਰਿੰਸੀਪਲ ਤਖ਼ਤ ਸਿੰਘ ਦੋਂ ਇਲਾਵਾ ਵਗਦੀ ਸੀ ਰਾਵੀ ਵਾਲੇ ਡਾਃ ਗੁਰਚਰਨ ਸਿੰਘ ਵੀ ਅੱਗੜ ਪਿੱਛੜ ਪੜ੍ਹਦੇ ਸਨ। ਪ੍ਰੋਃ ਮੋਹਨ ਸਿੰਘ ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇਨ੍ਹਾਂ ਦੇ ਅਧਿਆਪਕ ਸਨ। ਭਾਈ ਜੋਧ ਸਿੰਘ ਕਾਲਿਜ ਦੇ ਪ੍ਰਿੰਸੀਪਲ। ਅਜਬ ਲਿਸ਼ ਲਿਸ਼ਕੰਦੜਾ ਤਾਰਾ ਮੰਡਲ। ਸੁਪਨਿਆਂ ਵਾਂਗ ਲੱਗਦੈ। 1980 ਜਾਂ 1981 ਚ ਮੈਂ ਲ ਰ ਮ ਕਾਲਿਜ ਜਗਰਾਉਂ ਪੜ੍ਹਾਉਂਦਿਆਂ ਵੱਡਾ ਕਹਾਣੀ ਦਰਬਾਰ ਕਰਵਾਇਆ। ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ, ਸ਼ਮਸ਼ੇਰ ਸਿੰਘ ਸੰਧੂ , ਪ੍ਰੋਃ ਸਰਵਣ ਸਿੰਘ ਤੇ ਕਿੰਨੇ ਹੋਰ ਕਹਾਣੀਕਾਰ ਸੱਦੇ। ਪ੍ਰਧਾਨਗੀ ਸਃ ਕੁਲਵੰਤ ਸਿੰਘ ਵਿਰਕ ਨੇ ਕੀਤੀ। ਜਸਵੰਤ ਸਿੰਘ ਕੰਵਲ ਤੇ ਡਾਃ ਜਸਵੰਤ ਗਿੱਲ ਵਰਗੇ ਕੱਦਾਵਰ ਲੇਖਕ ਸਰੋਤਿਆਂ ਵਿੱਚ ਸਨ। ਸ਼ਾਇਦ ਕੇ ਐੱਲ ਗਰਗ ਵੀ। ਉਥੇ ਹੋਰ ਕੀ ਕੀ ਗੱਲਾਂ ਹੋਈਆਂ, ਡਾਃ ਵਰਿਆਮ ਸਿੰਘ ਸੰਧੂ ਤੋਂ ਸੁਣ ਲੈਣਾ। ਵਿਰਕ ਸਾਹਿਬ ਨਾਲ ਸਬੰਧਿਤ ਯਾਦਾਂ ਨੇ, ਉਹ ਕਦੇ ਫੇਰ ਸਹੀ। ਉਨ੍ਹਾਂ ਦੇ ਜਨਮ ਦਿਹਾੜੇ ਤੇ ਅਸੀਂ ਉਨ੍ਹਾਂ ਨੂੰ ਯਾਦ ਨਹੀਂ ਕਰ ਸਕੇ, ਇਸ ਲਈ ਮੈਂ ਆਪਣੇ ਕਲਮ ਕਬੀਲੇ ਵੱਲੋਂ ਖ਼ਿਮਾ ਦਾ ਜਾਚਕ ਹਾਂ। ਵਿਰਕ ਸਾਹਿਬ ਦਾ ਜੀਵਨ ਬਿਰਤਾਂਤ ਪੜ੍ਹ ਕੇ ਸਮਝ ਜਾਉਗੇ ਕਿ ਉਹ ਕਿੰਨਾ ਵੱਡਾ ਬੰਦਾ ਸੀ।
ਜੀਵਨ ਵੇਰਵਾ
ਕੁਲਵੰਤ ਸਿੰਘ ਵਿਰਕ (20ਮਈ 1921 –24ਦਸੰਬਰ 1987 ) ਦਾ ਜਨਮ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿਚ ਹੋਇਆ।ਉਨ੍ਹਾਂ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ। ਉਨ੍ਹਾਂ ਨੇ ਅੰਗਰੇਜ਼ੀ ਦੀ ਐਮ.ਏ.1942 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐਲ.ਐਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ (1942-43)ਫਿਰ ਲੋਕ ਸੰਪਰਕ ਅਫ਼ਸਰ ਮੁੜ ਵਸਾਊ ਵਿਭਾਗ ( 1947-48)ਬਣੇ ।ਉਨ੍ਹਾਂ ਨੇ ਕਈ ਉੱਚ ਅਹੁਦਿਆਂ ਤੇ ਰਹਿਕੇ ਸਰਕਾਰੀ ਸੇਵਾ ਨਿਭਾਈ ।ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਰਚਨਾ ਕੀਤੀ। ਉਨ੍ਹਾਂ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ । ਉਨ੍ਹਾਂ ਦੀਆਂ ਰਚਨਾਵਾਂ ਹਨ: ਛਾਹ ਵੇਲਾ (1950), ਧਰਤੀ ਤੇ ਆਕਾਸ਼ (1951 ), ਤੂੜੀ ਦੀ ਪੰਡ (1954 ), ਏਕਸ ਕੇ ਹਮ ਬਾਰਿਕ (1955 ), ਦੁੱਧ ਦਾ ਛੱਪੜ ਤੇ ਦੁਆਦਸ਼ੀ (1958), ਗੋਲਾਂ (1961), ਵਿਰਕ ਦੀਆਂ ਕਹਾਣੀਆਂ (1966), ਨਵੇਂ ਲੋਕ (1967)ਅਸਤਬਾਜੀ, ਮੇਰੀਆਂ ਸਾਰੀਆਂ ਕਹਾਣੀਆਂ (1986), ਸ਼ਸਤਰਾਂ ਤੋਂ ਵਿਦਾਇਗੀ ਅਨੁਵਾਦ (ਅਨੁਵਾਦ ਅਰਨੈਸਟ ਹੈਮਿੰਗਵੇ) । ਉਨ੍ਹਾਂ ਨੂੰ ‘ਨਵੇਂ ਲੋਕ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। 1978 ਚ ਉਹ ਪੰਜਾਬ ਦੇ ਮੁੱਖ ਮੰਤਰੀ ਸਃ ਪਰਕਾਸ਼ ਸਿੰਘ ਬਾਦਲ ਦੇ ਮੀਡੀਆ ਐਡਵਾਈਜ਼ਰ ਵੀ ਰਹੇ।