ਚੰਡੀਗੜ੍ਹ, 22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਸਾਰੇ ਬੰਦੀ ਸਿੰਘਾਂ ਨੂੰ ਉਨ੍ਹਾਂ ਦੀ ਲਗਭਗ ਤਿੰਨ ਦਹਾਕਿਆਂ ਲੰਮੀ ਕੈਦ ਤੋਂ ਰਿਹਾ ਕਰਨ ਲਈ ਉਚਿਤ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਐਕਸ ‘ਤੇ ਪੋਸਟ ਸਾਂਝਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸਿੱਖ ਕੌਮ ਦੀਆਂ ਭਾਵਨਾਵਾਂ ‘ਤੇ ਵਿਚਾਰ ਕਰਨ। ਸੁਖਬੀਰ ਬਾਦਲ ਨੇ ਅੱਗੇ ਲਿਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਿੱਖ ਭਾਈਚਾਰੇ ਦੀ ਸਾਮੂਹਿਕ ਇੱਛਾ ਹੈ। ਦੱਸ ਦੇਈਏ ਕਿ ਸਾਂਸਦ ਹਰਸਿਮਰਤ ਬਾਦਲ ਨੇ ਵੀ ਇਸ ਮੁੱਦੇ ਨੂੰ ਸੰਸਦ ਵਿੱਚ ਚੁੱਕਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਸਿੱਖ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਨਾਲ ਵੀ ਜੁੜਿਆ ਹੈ ਜੋ ਜੇਲ੍ਹ ਦੀ ਸਜ਼ਾ ਪੂਰੀ ਹੋਣ ਮਗਰੋਂ ਵੀ ਜੇਲ੍ਹ ਵਿੱਚ ਬੰਦ ਹਨ। ਇਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਈ ਰਾਜੋਆਣਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਰਹਿਮ ਦੀ ਅਪੀਲ ’ਤੇ ਕਿਹਾ ਕਿ ਜਿਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ, ਉਸ ਨੂੰ ਮੁਆਫ਼ੀ ਕਿਵੇਂ ਦਿੱਤੀ ਜਾਵੇ। ਅਮਿਤ ਸ਼ਾਹ ਨੇ ਕਿਹਾ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਉਹ ਰਹਿਮ ਦਾ ਹੱਕਦਾਰ ਹੈ। ਜੇ ਕੋਈ ਅੱਤਵਾਦੀ ਗੁਨਾਹ ਕਰੇ ਅਤੇ ਉਸ ਨੂੰ ਪਛਤਾਵਾ ਨਾ ਹੋਵੇ ਤਾਂ ਉਹ ਰਹਿਮ ਦਾ ਹੱਕਦਾਰ ਨਹੀਂ ਹੈ। ਕੋਈ ਤੀਜੀ ਸੰਸਥਾ ਆਪਣੀ ਸਜ਼ਾ ਮੁਆਫ਼ ਕਰਨ ਲਈ ਰਹਿਮ ਦੀ ਅਪੀਲ ਦਾਇਰ ਕਰਦੀ ਹੈ ਅਤੇ ਦੋਸ਼ੀ ਨੂੰ ਪਛਤਾਵਾ ਨਹੀਂ ਹੈ, ਤਾਂ ਉਹ ਰਹਿਮ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ?