ਚੰਡੀਗੜ੍ਹ, 6 ਜਨਵਰੀ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਦੇ ਉਸ ਬਿਆਨ ਦਾ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਪੰਜਾਬ ਕਾਂਗਰਸ ਅਤੇ ਪਾਰਟੀ ਦਾ ਹਰੇਕ ਵਰਕਰ ਚਟਾਨ ਦੀ ਤਰਾਂ ਖੜ੍ਹੀ ਹੈ, ਆਮ ਆਦਮੀ ਪਾਰਟੀ ਬਦਲਾ ਲਉ ਨੀਤੀ ਤਹਿਤ ਸੁਖਪਾਲ ਖਹਿਰਾ ਤੇ ਝੂਠੇ ਮੁਕੱਦਮੇ ਦਰਜ ਕਰਕੇ ਖਹਿਰਾ ਦਾ ਮਨੋਬਲ ਨਹੀਂ ਸੁੱਟ ਸਕਦੀ। ਰੰਧਾਵਾ ਨੇ ਜਾਖੜ ਦੇ ਉਸ ਬਿਆਨ ਤੇ ਪ੍ਰਤੀ ਕਰਮ ਕਰਦੇ ਹੋਏ ਕਿਹਾ ਹੈ ਕਿ ਜਿਸ ਕਾਂਗਰਸ ਨੂੰ ਤੁਸੀ ਕੋਸ ਰਹੇ ਹੋ ਸਾਰੀ ਜਿੰਦਗੀ ਉਸੇ ਕਾਂਗਰਸ ਨੇ ਤੁਹਾਡੇ ਪਰਿਵਾਰ ਨੂੰ ਉਚੇ ਅਹੁਦਿਆਂ ਉਤੇ ਬਿਠਾਇਆ ਸੀ। ਉਨ੍ਹਾਂ ਕਿਹਾ ਸੁਨੀਲ ਜਾਖੜ ਸਾਹਿਬ ਸਾਇਦ ਤੁਹਾਡੀ ਯਾਦ ਸ਼ਕਤੀ ਕਮਜੋਰ ਹੋ ਗਈ ਹੈ; ਅੱਜ ਵੀ ਤੁਹਾਡਾ ਭਤੀਜਾ ਉਸੇ ਕਾਂਗਰਸ ਦਾ ਵਿਧਾਇਕ ਹੈ, ਜਿਸ ਨੂੰ ਤੁਸੀ ਭੰਡ ਰਹੇ ਹੋ ਜੇਕਰ ਕਾਂਗਰਸ ਪਾਰਟੀ ਇੰਨੀ ਹੀ ਮਾੜੀ ਹੈ ਤਾਂ ਆਪਣੇ ਭਤੀਜੇ ਕੋਲੋਂ ਅਸਤੀਫਾ ਦਿਵਾ ਕੇ ਦੁਬਾਰਾ ਅਬੋਹਰ ਦੀ ਜਨਤਾ ਦਾ ਫਤਵਾ ਲਵੋ। ਪੰਜਾਬ ਕਾਂਗਰਸ ਨੇ ਤੁਹਾਡੇ ਤੋਂ ਖਹਿੜਾ ਛੱਡਵਾਇਆ ਹੈ ਨਾਂ ਕਿ ਸੁਖਪਾਲ ਸਿੰਘ ਖਹਿਰਾ ਤੋਂ ਤੁਸੀਂ ਜੇਲ੍ਹ ਵਿਭਾਗ ਦਾ ਰਿਕਾਰਡ ਕਡਵਾ ਕੇ ਵੇਖ ਸਕਦੇ ਹੋ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸਿੱਪ ਸਮੇਤ ਹੋਰ ਕਿੰਨੇ ਲੀਡਰ ਜੇਲ੍ਹ ਵਿਚ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿਚ ਤਹਾਨੂੰ ਮਗਰਮੱਛ ਦੇ ਹੰਝੂ ਵਹਾਉਣ ਦੀ ਕੋਈ ਜ਼ਰੂਰਤ ਨਹੀਂ ਪੰਜਾਬ ਦੀ ਲੀਡਰਸ਼ਿੱਪ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਟਾਨ ਵਾਂਗ ਖੜੀ ਹੈ ਤੇ ਖੜੀ ਰਹੇਗੀ। ਰੰਧਾਵਾ ਨੇ ਜਾਖੜ ਸਾਹਿਬ ਨੂੰ ਨਸੀਅਤ ਦਿੰਦੇ ਕਿਹਾ ਕਿ ਜਾਖੜ ਸਾਹਿਬ ਗਿਆਨ ਦੇਣਾ ਬੰਦ ਕਰੋ ਆਪਣੇ ਪੁਰਖਿਆਂ ਦੀ ਪਾਰਟੀ ਪਿੱਠ ਵਿਚ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆ। ਤੁਸੀਂ ਹੀ ਸੀ ਜਿਨਾਂ ਨੇ ਕਾਂਗਰਸ ਵਿਚ ਧੜੇਬੰਦੀ ਸੁ਼ਰੂ ਕਰਕੇ ਲੋਕਾਂ ਵਿਚ ਕਾਂਗਰਸ ਦਾ ਨਾਂ ਡੋਬਿਆ ਸੀ ਤੁਸੀ ਖਹਿਰਾ ਸਾਹਿਬ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਓ। ਕਾਂਗਰਸ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾ ਅਤੇ ਕੇਂਦਰ ਦੀ ਕਾਂਗਰਸ ਖਹਿਰਾ ਸਾਹਿਬ ਦੇ ਨਾਲ ਮੋਢਾ ਜੋੜ ਕੇ ਖੜੀ ਹੈ। ਅਸੀਂ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਲੜਾਂਗੇ ਅਤੇ ਮੈਨੂੰ ਪੂਰਨ ਵਿਸਵਾਸ ਹੈ ਕਿ ਖਹਿਰਾ ਸਾਹਿਬ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ। ਮੀਡੀਆ ਨੂੰ ਇਹ ਪ੍ਰੈਸ ਨੋਟ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜਦੀਕੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਜਾਰੀ ਕੀਤਾ।