ਚੰਡੀਗੜ੍ਹ, 26 ਮਈ : ਸੂਬੇ ਦੇ 94 ਸਕੂਲਜ਼ ਆਫ਼ ਐਮੀਨੈਂਸ ਦੇ 2218 ਵਿਦਿਆਰਥੀਆਂ ਨੇ ਉਦਯੋਗਾਂ ਬਾਰੇ ਜਾਣਕਾਰੀ (ਐਕਸਪੋਜਰ) ਹਾਸਲ ਕਰਨ ਲਈ ਅੱਜ ਸੂਬੇ ਦੀਆਂ ਪ੍ਰਮੁੱਖ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਉਦਯੋਗਿਕ ਇਕਾਈਆ ਦੇ ਇੱਕ ਦਿਨਾ ਦੌਰੇ ‘ਤੇ ਲਿਜਾਇਆ ਗਿਆ ਤਾਂ ਜੋ ਉਹ ਉਦਯੋਗਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ, ਇਸ ਦੀਆਂ ਲੋੜਾਂ, ਵਰਕ ਕਲਚਰ ਆਦਿ ਬਾਰੇ ਜਾਣੂੰ ਹੋ ਸਕਣ ਅਤੇ ਉਨ੍ਹਾਂ ਦੇ ਮਨ ਵਿੱਚ ਉਦਯੋਗਪਤੀ ਬਣਨ ਦਾ ਵਿਚਾਰ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਹੈ ਕਿ ਸੂਬੇ ਦਾ ਹਰ ਵਿਦਿਆਰਥੀ ਨੌਕਰੀ ਦੇਣ ਵਾਲਾ ਬਣੇ ਨਾ ਕਿ ਨੌਕਰੀ ਲੱਭਣ ਵਾਲਾ ਅਤੇ ਮੁੱਖ ਮੰਤਰੀ ਦੇ ਇਸ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਅਜਿਹੇ ਦੌਰਿਆਂ ਤੇ ਲਿਜਾ ਰਹੇ ਹਾਂ। ਇਸ ਟੂਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ, ਟਰਾਈਡੈਂਟ, ਹੀਰੋ ਸਾਈਕਲ, ਵਿਆਟੋਨ ਐਨਰਜੀ ਪ੍ਰਾਈਵੇਟ ਲਿਮਟਿਡ, ਪੈਪਸੀ ਪਲਾਂਟ, ਸਵਰਾਜ ਮਾਜ਼ਦਾ, ਭੇਲ ਗੋਇੰਦਵਾਲ ਸਾਹਿਬ ਦੀਆਂ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸਟੱਡੀ ਟੂਰ ਪ੍ਰੋਗਰਾਮ ਤਹਿਤ ਪਹਿਲੇ ਬੈਚ ਦਾ ਦੌਰਾ 19 ਮਈ ਨੂੰ ਕਰਵਾਇਆ ਗਿਆ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਨਾਮਵਰ ਵਿਦਿਅਕ ਸੰਸਥਾਵਾਂ ਦੇ ਦੌਰੇ ਤੇ ਲਿਜਾਇਆ ਗਿਆ।