ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਦੇ ਨਾਲ ਹੀ ਪੰਜਾਬ ਦੇ ਨਵੇਂ ਗਵਰਨਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਕ ਦੇ ਨਾਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਪੰਜਾਬ ਭਾਜਪਾ ਨੇਤਾ ਕਮਲ ਸੋਈ ਨੇ ਟਵੀਟ ਕੀਤਾ ਕਿ ਭਾਰਤ ਦੀ ਪਹਿਲੀ ਮਹਿਲਾ ਆਈ ਪੀ ਐਸ ਕਿਰਨ ਬੇਦੀ ਪੰਜਾਬ ਦੀ ਅਗਲੀ ਗਵਰਨਰ ਹੋਵੇਗੀ। ਹਾਲਾਂਕਿ ਓਹਨਾਂ ਦੇ ਟਵੀਟ ਤੋਂ ਬਾਅਦ ਚਰਚਾ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਡਿਲੀਟ ਕਰ ਦਿੱਤੀ। ਹਾਲਾਂਕਿ ਅਜੇ ਤੱਕ ਕਿਰਨ ਬੇਦੀ ਨੂੰ ਪੰਜਾਬ ਦੀ ਰਾਜਪਾਲ ਬਣਾਉਣ ਬਾਰੇ ਕੋਈ ਰਸਮੀ ਹੁਕਮ ਸਾਹਮਣੇ ਨਹੀਂ ਆਇਆ ਹੈ। ਕਿਰਨ ਬੇਦੀ ਦਾ ਜਨਮ 6 ਜੂਨ 1949 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਹ 1972 ਵਿੱਚ ਆਈਪੀਐਸ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਸੀ। ਆਈਪੀਐਸ ਅਧਿਕਾਰੀ ਬਣਨ ਤੋਂ ਬਾਅਦ, ਉਹਨਾਂ ਨੇ ਦਿੱਲੀ, ਗੋਆ, ਚੰਡੀਗੜ੍ਹ ਅਤੇ ਮਿਜ਼ੋਰਮ ਵਿੱਚ ਸੇਵਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਰਨ ਬੇਦੀ ਪੰਜਾਬ ਦੇ ਅਗਲੇ ਗਵਰਨਰ ਹੋ ਸਕਦੇ ਹਨ, ਪਰ ਇਸ ਵਿਚਾਲੇ ਇਹ ਵੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਹਰਿਆਣਾ ਦੇ ਨਾਲ ਪੰਜਾਬ ਦਾ ਰਾਜਪਾਲ ਵੀ ਬਣਾਇਆ ਜਾ ਸਕਦਾ ਹੈ।