ਚੰਡੀਗੜ੍ਹ, 21 ਦਸੰਬਰ : ਪੰਜਾਬ ਕਾਂਗਰਸ ਵਿਚ ਖਾਨਾਜੰਗੀ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਵੱਖਰੇ ਅਖਾੜੇ ਨਾ ਲਾਉਣ ਦੀ ਦਿੱਤੀ ਸਲਾਹ ਮਗਰੋਂ ਜਿਥੇ ਸਿੱਧੂ ਦੇ ਸਮਰਥਕਾਂ ਨੇ ਬਾਜਵਾ ਨੂੰ ਮੋੜਵਾਂ ਜਵਾਬ ਦਿੱਤਾ ਹੈ ਤਾਂ ਉਥੇ ਹੀ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਸਮੇਤ ਅਨੇਕਾਂ ਕਾਂਗਰਸੀਆਂ ਨੇ ਵੀ ਸਿੱਧੂ ’ਤੇ ਤਿੱਖਾ ਹਮਲਾ ਬੋਲਿਆ ਹੈ ਤੇ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਪਾਰਟੀ ਵਿਚੋਂ ਕੱਢਿਆ ਜਾਵੇ। ਬਾਜਵਾ ਵੱਲੋਂ ਸਿੱਧੂ ਨੂੰ ਸਲਾਹ ਦੇਣ ਮਗਰੋਂ ਸਿੱਧੂ ਦੇ ਸਮਰਥਕਾਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਾਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਆਵਲਾ, ਜਗਦੇਵ ਸਿੰਘ ਕਮਾਲੂ, ਵਿਜੇ ਕਾਲੜਾ ਹਲਕਾ ਇੰਚਾਰਜ ਗੁਰੂ ਹਰਿਸਹਾਏ, ਹਰਵਿੰਦਰ ਸਿੰਘ ਲਾਡੀ ਇੰਚਾਰਜ ਹਲਕਾ ਬਠਿੰਡਾ ਦਿਹਾਤੀ, ਰਾਜਬੀਰ ਸਿੰਘ ਰਾਜਾ ਰਾਮਪੁਰਾ ਫੂਲ ਤੇ ਇੰਦਰਜੀਤ ਸਿੰਘ ਢਿੱਲੋਂ ਨੇ ਬਾਜਵਾ ਨੂੰ ਆਖਿਆ ਕਿ ਕਾਂਗਰਸ ਦੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਤੋਂ ਉਹ ਪੁੱਛਣਾ ਚਾਹੁੰਦੇ ਹਨ ਕਿ ਨਾ ਤਾਂ ਸਾਨੂੰ ਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਵਿਚ ਸੱਦਿਆ ਜਾਂਦਾ ਹੈ ਅਤੇ ਜੇਕਰ ਅਸੀਂ ਕਾਂਗਰਸ ਦੀ ਭਲਾਈ ਵਾਸਤੇ ਕੰਮ ਕਰਦੇ ਹਾਂ ਅਤੇ ਰੈਲੀ ਰੱਖ ਕੇ 8 ਹਜ਼ਾਰ ਦਾ ਇਕੱਠ ਕੀਤਾ ਹੈ ਤਾਂ ਸਾਡੀ ਹੌਂਸਲਾ ਅਫਜ਼ਾਈ ਦੀ ਥਾਂ ’ਤੇ ਸਾਨੂੰ ਗਲਤ ਕਿਉਂ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਦਿਨ ਰਾਤ ਕੰਮ ਕਰ ਰਹੇ ਹਾਂ ਤੇ ਨਵਜੋਤ ਸਿੱਧੂ ਨਾਲ ਨਜ਼ਦੀਕੀਆਂ ਕਾਰਨ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਰਕਰਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਤੇ ਜੇਕਰ ਕਿਸੇ ਨੇ ਸਿੱਧੂ ਵਰਗੇ ਨੇਤਾ ਨਾਲ ਨੇੜਤਾ ਵਧਾਈ ਤਾਂ ਇਹ ਗੱਲ ਬਾਕੀਆਂ ਨੂੰ ਚੁਭ ਕਿਉਂ ਰਹੀਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਤੇ ਆਮ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ। ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ, ਲਖਬੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਰਾਇਆ, ਖੁਸ਼ਹਾਲ ਸਿੰਘ ਜਟਾਣਾ ਅਤੇ ਅਮਿਤ ਵਿਜ ਨੇ ਸਿੱਧੂ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਹਮੇਸ਼ਾ ਸਿਰਫ ਆਪਣੇ ਲਈ ਕੰਮ ਕੀਤਾ ਹੈ ਤੇ ਉਹਨਾਂ ਕਦੇ ਵੀ ਪੰਜਾਬ ਕਾਂਗਰਸ ਵਾਸਤੇ ਨਾ ਤਾਂ ਟੀਮ ਲੀਡਰ ਵਜੋਂ ਤੇ ਨਾ ਹੀ ਟੀਮ ਦੇ ਮੈਂਬਰ ਵਜੋਂ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਿੱਧੂ ਦਾ ਮਕਸਦ ਹਮੇਸ਼ਾ ਤੋਂ ਸਿਰਫ ਆਪਣੇ ਲਈ ਸੱਤਾ ਹਾਸਲ ਕਰਨਾ ਰਿਹਾ ਹੈ ਤੇ ਉਹਨਾਂ ਨੂੰ ਪਾਰਟੀ ਦੀ ਬੇਹਤਰੀ ਲਈ ਕੰਮ ਕਰਨ ਵਿਚ ਕੋਈ ਦਿਲਚਸਪੀ ਨਹੀਂ ਰਹੀ। ਇਹਨਾਂ ਆਗੂਆਂ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ।