ਚੰਡੀਗੜ੍ਹ, 21 ਨਵੰਬਰ : ਪੰਜਾਬ ਸਰਕਾਰ ਨੇ ਅੱਜ ਸਪਸ਼ਟ ਕੀਤਾ ਹੈ ਕਿ ਕੰਮ ਦੇ ਘੰਟਿਆਂ ਸਬੰਧੀ ਫੈਕਟਰੀਜ਼ ਐਕਟ 1948 ਅਨੁਸਾਰ ਬੀਤੇ ਦਿਨੀਂ ਜ਼ਾਰੀ ਪੱਤਰ ਦੀ ਗਲਤ ਵਿਆਖਿਆ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਕਿਰਤ ਵਿਭਾਗ ਪੰਜਾਬ ਵੱਲੋਂ ਸਪਸਟ ਕੀਤਾ ਗਿਆ ਹੈ ਕਿ ਜਾਰੀ ਪੱਤਰ ਦੇ ਨੁਕਤਾ ਨੰਬਰ 1 ਤੇ ਦੱਸਿਆ ਗਿਆ ਹੈ ਕਿ ਕੰਮਕਾਜੀ ਦਿਨ ਦੌਰਾਨ ਇਕ ਕਿਰਤੀ ਤੋਂ ਵੱਧ-ਤੋਂ ਵੱਧ 12 ਘੰਟਿਆਂ ਕੰਮ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਗਲਤ ਵਿਆਖਿਆ ਕਰਦਿਆਂ ਕੰਮ ਦੇ ਘੰਟੇ 12 ਸਮਝ ਲਏ ਗਏ ਹਨ, ਜੋ ਕਿ ਗਲਤ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ , ਜਿਸ ਵਿੱਚ ਆਰਾਮ ਦਾ ਸਮਾਂ (ਰੈਸਟ ਇੰਟਰਵਲਜ਼) ਸ਼ਾਮਲ ਨਹੀਂ ਹੈ। ਬੁਲਾਰੇ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ । ਜੇਕਰ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਾਲਗ ਕਾਮੇ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ 59 ਅਨੁਸਾਰ ਓਵਰਟਾਈਮ ਦੇਣਾ ਜਰੂਰੀ ਹੈ। ਇਸ ਮੱਦ ਅਨੁਸਾਰ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਰਕਰ ਜੇ ਇੱਕ ਕੰਮਕਾਜੀ ਦਿਨ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸਨੂੰ ਦਿਹਾੜੀ ਤੋਂ ਦੋ ਗੁਣਾਂ ਤਨਖਾਹ ਦੇਣੀ ਲਾਜ਼ਮੀ ਹੈ । ਬੁਲਾਰੇ ਨੇ ਅੱਗੇ ਇਹ ਵੀ ਸਪਸ਼ਟ ਕੀਤਾ ਕਿ ਫੈਕਟਰੀ ਐਕਟਸ ਅਤੇ ਰੂਲਜ਼ ਅਨੁਸਾਰ ਕਿਸੇ ਵੀ ਵਰਕਰ ਨੂੰ ਲਗਾਤਾਰ 7 ਦਿਨ ਤੋਂ ਵਧ ਓਵਰਟਾਈਮ ਨਹੀਂ ਕਰ ਸਕਦਾ । ਇਸਦੇ ਨਾਲ ਹੀ ਇੱਕ ਹਫਤੇ ਵਿੱਚ ਕਿਸੇ ਵੀ ਵਰਕਰ ਦੇ ਕੰਮਕਾਜੀ ਘੰਟੇ 60 ਤੋਂ ਵਧ ਨਹੀਂ ਹੋ ਸਕਦੇ ਅਤੇ ਨਾ ਹੀ ਇੱਕ ਪੰਦਰਵਾੜੇ ਵਿੱਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹਨ।