ਚੰਡੀਗੜ੍ਹ, 28 ਦਸੰਬਰ : ਸਾਲ 2024 ਦੀ 26 ਜਨਵਰੀ ਨੂੰ ਗਣਤੰਤਰ ਦੀ ਹੋਣ ਵਾਲੀ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ 17 ਸਾਲਾਂ ਵਿੱਚ 9 ਵਾਰ ਗਣਤੰਤਰ ਦਿਵਸ ਤੇ ਪੰਜਾਬ ਦੀ ਝਾਕੀ ਦਿਖਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਕਾਰਨਾਂ ਕਰਕੇ ਹੋਰਨਾਂ ਸੂਬਿਆਂ ਨੂੰ ਹਰ ਵਾਰੀ ਮੌਕਾ ਨਹੀਂ ਮਿਲਦਾ। ਜਾਖੜ ਨੇ ਕਿਹਾ ਕਿ ਪਿਛਲੇ 17 ਸਾਲਾਂ ਵਿੱਚ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੋਇਆ, ਪਰ ਹੁਣ ਇਸ ਨੁੰ ਸਿਆਸੀ ਰੰਗਤ ਦੇਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਜਾਖੜ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਅਤੇ ਕੁਰਬਾਨੀਆਂ ਕਿਸੇ ਇੱਕ ਝਾਕੀ ਦਾ ਮੁਹਤਾਜ ਨਹੀਂ ਹੈ, ਪੰਜਾਬ ਦੀ ਝਾਕੀ ਰੱਦ ਹੋਣ ਦਾ ਕਾਰਨ ਇਹ ਸੀ ਕਿ ਉਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਲੱਗੀ ਸੀ, ਇਸ ਬਾਰੇ ਉਨ੍ਹਾਂ ਨੂੰ ਫੌਜ ਦੇ ਅਫਸਰਾਂ ਨੇ ਦੱਸਿਆ ਹੈ। ਕੇਂਦਰ ਨੇ ਪੰਜਾਬ ਨੂੰ ਝਾਕੀ ਤੋਂ ਨਹੀਂ ਸਗੋਂ ਸੂਬੇ ਦਾ ਜਲੂਸ ਕੱਢਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੀ ਝਾਕੀ ਨੁੰ ਗਣਤੰਤਰ ਦਿਵਸ ਤੇ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ। ਪਰ ਜਦੋਂ ਉਨ੍ਹਾਂ ਨੇ ਇਸ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਝਾਕੀ ਵਿੱਚ ਪੰਜਾਬ ਦੇ ਵਿਰਸੇ ਨੂੰ ਦਿਖਾਉਣ ਦੀ ਬਜਾਏ ਮੁੱਖ ਮੰਤਰੀ ਮਾਨ ਅਤੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਸੁਨੀਲ ਜਾਖਵ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਉਹ 26 ਜਨਵਰੀ ਨੂੰ ਪਰੇਡ ਤੋਂ ਰੱਦ ਕੀਤੀ ਝਾਕੀ ਨੂੰ ਲੋਕਾਂ ਵਿੱਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬ ਭਾਜਪਾ ਵੱਲੋਂ ਵੀ ਇੱਕ ਝਾਕੀ ਕੱਢੀ ਜਾਵੇਗੀ, ਜਿਸ ਵਿੱਚ ਸੂਬੇ ਦੀਆਂ ਜੇਲ੍ਹਾਂ ਤੋਂ ਆਈਆਂ ਕਾਲਾਂ ਤੋਂ ਲੈ ਕੇ ਜੇਲ੍ਹਾਂ ਵਿੱਚ ਗੈਂਗਸਟਰਾਂ ਦੀਆਂ ਕੀਤੀਆਂ ਇੰਟਰਵਿਊਆਂ ਤੱਕ ਦੇ ਕਈ ਮੁੱਦੇ ਸ਼ਾਮਲ ਹੋਣਗੇ।
https://www.facebook.com/SunilJakharOfficial/videos/299500773091281