- ਈ-ਨੈਮ ਟ੍ਰੇਨਿੰਗ ਪ੍ਰੋਗਰਾਮ ਵਿੱਚ 17000 ਸਟੇਕਹੋਲਡਰਸ ਨੇ ਲਿਆ ਭਾਗ
ਚੰਡੀਗੜ, 26 ਦਸੰਬਰ : ਈ-ਨੈਮ (ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ) ਇੱਕ ਆਨਲਾਈਨ ਵਪਾਰਕ ਪਲੇਟਫਾਰਮ ਹੈ, ਜੋ ਕਿਸਾਨਾਂ, ਵਪਾਰੀਆਂ, ਐਫਪੀਓਜ਼ ਅਤੇ ਹੋਰ ਸਟੇਕਹੋਲਡਰਜ਼ ਨੂੰ ਖੇਤੀਬਾੜੀ ਵਸਤੂਆਂ ਦੀ ਆਨਲਾਈਨ ਖ਼ਰੀਦ-ਵੇਚ ਦੀ ਸਹੂਲਤ ਦਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਨੇ 79 ਈ-ਨੈਮ ਟ੍ਰੇਨਿੰਗ ਪ੍ਰੋਗਰਾਮ ਦੀ ਸਮਾਪਤੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਟੇਕਹੋਲਟਰਜ਼ ਵਿੱਚ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਈ-ਨੈਮ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਇਹ ਟ੍ਰੇਨਿੰਗ ਪ੍ਰੋਗਰਾਮ 29 ਨਵੰਬਰ ਤੋਂ 79 ਈ-ਨੈਮ ਮੰਡੀਆਂ ਵਿੱਚ ਆਯੋਜਤ ਕੀਤਾ ਗਿਆ। 2 ਭਾਗਾਂ ਵਿੱਚ ਆਯੋਜਤ ਇਸ ਸਿਖਲਾਈ ਪ੍ਰੋਗਰਾਮ ਵਿੱਚ ਲਗਭਗ 17000 ਸਟੇਕਹੋਲਡਰਜ਼ ਨੇ ਭਾਗ ਲਿਆ। ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਵਰਤਮਾਨ ਵਿੱਚ, ਪੰਜਾਬ ਸੂਬੇ ਦੇ 79 ਪ੍ਰਮੁੱਖ ਯਾਰਡਾਂ ਨੂੰ ਈ-ਨੈਮ ਪੋਰਟਲ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਪੰਜਾਬ ਦੇ 2,17,491 ਕਿਸਾਨ, 2,906 ਵਪਾਰੀ, 8,966 ਕਮਿਸ਼ਨ ਏਜੰਟ ਅਤੇ 39 ਐਫਪੀਓਜ਼ ਰਜਿਸਟਰ ਕੀਤੇ ਗਏ ਹਨ, ਜੋ ਵੱਖ-ਵੱਖ ਖੇਤੀ ਜਿਣਸਾਂ ਜਿਵੇਂ ਕਿ ਆਲੂ, ਬਾਸਮਤੀ, ਮੱਕੀ, ਕਿੰਨੂ, ਹਰੀ ਮੂੰਗ, ਕਪਾਹ, ਹਰੇ ਮਟਰ, ਸ਼ਿਮਲਾ ਮਿਰਚ, ਤਰਬੂਜ, ਲੀਚੀ, ਸੂਰਜਮੁਖੀ, ਪਿਆਜ਼ ਆਦਿ ਦਾ ਵਪਾਰ ਕਰ ਰਹੇ ਹਨ। ਹੁਣ ਤੱਕ ਪੰਜਾਬ ਸੂਬੇ ਵਿੱਚ ਈ-ਨੈਮ ਰਾਹੀਂ 11,755 ਕਰੋੜ ਰੁਪਏ ਦਾ 35.87 ਲੱਖ ਮੀਟ੍ਰਿਕ ਟਨ ਦਾ ਵਪਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਈ-ਪੇਮੈਂਟਸ ਦੁਆਰਾ ਆਪਣੀ ਜਿਣਸਾਂ ਲਈ ਭੁਗਤਾਨ ਲੈ ਰਹੇ ਹਨ, ਕਿਉਂਕਿ ਉਹਨਾਂ ਨੂੰ ਬਹੁਤ ਘੱਟ ਸਮੇਂ ਵਿੱਚ ਲੋੜੀਂਦੀ ਰਕਮ ਦਾ ਨਿਪਟਾਰਾ ਕਰਨਾ ਬਹੁਤ ਸੌਖਾ ਲੱਗ ਰਿਹਾ ਹੈ। ਰਾਜ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ ਵਿੱਚ 1331.40 ਲੱਖ ਈ-ਭੁਗਤਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਈ-ਨੈਮ ਰਾਹੀਂ ਅੰਤਰਰਾਜੀ ਵਪਾਰ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜਿਸਦੇ ਚਲਦਿਆਂ ਜੰਮੂ-ਕਸ਼ਮੀਰ, ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ਨਾਲ ਅੰਤਰਰਾਜੀ ਵਪਾਰ ਸ਼ੁਰੂ ਕੀਤਾ ਗਿਆ ਹੈ। ਹਾਲ ਹੀ ਵਿੱਚ ਪੰਜਾਬ ਦੇ ਵਪਾਰੀਆਂ ਨੇ ਅੰਤਰਰਾਜੀ ਵਪਾਰ ਰਾਹੀਂ ਨਾਸਿਕ ਤੋਂ 3.10 ਕਰੋੜ ਰੁਪਏ ਦਾ 1635 ਮੀਟ੍ਰਿਕ ਟਨ ਪਿਆਜ਼ ਖਰੀਦਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੂਜੇ ਰਾਜਾਂ ਨੂੰ ਖਰਬੂਜੇ ਅਤੇ ਕਿੰਨੂ ਵੇਚਣ ਅਤੇ ਅੰਤਰਰਾਜੀ ਵਪਾਰ ਰਾਹੀਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਸੇਬ ਖਰੀਦਣ ਦੀ ਯੋਜਨਾ ਬਣਾ ਰਹੀ ਹੈ।