ਚੰਡੀਗੜ੍ਹ, 23 ਦਸੰਬਰ : ਨਵੰਬਰ 2020 ਵਿਚ ਜਦ ਪੰਜਾਬ/ਹਰਿਆਣਾ ਦੇ ਕਿਸਾਨ ਕੇਂਦਰ ਵਲੋਂ ਕਾਹਲੀ ਨਾਲ ਪਾਸ ਕੀਤੇ ਤਿੰਨ ਖੇਤੀ ਕਨੂੰਨਾਂ ਵਿਰੁੱਧ, ਸੜਕਾਂ ਤੇ ਲਾਈਆਂ ਸਾਰੀਆਂ ਰੋਕਾਂ ਤੋੜਦੇ ਅਤੇ ਹਕੂਮਤ ਦਾ ਜ਼ਬਰ ਝਲਦੇ ਹੋਏ ਸਿੰਘੂ ਬਾਰਡਰ ਦਿਲੀ ਪਹੁੰਚੇ ਸਨ, ਤਾਂ ਸਾਰਾ ਨਿਜ਼ਾਮ / ਮੀਡੀਆ ਕਿਸਾਨਾਂ ਦੇ ਵਿਰੋਧ ਚ ਖੜਾ ਨਜ਼ਰ ਆ ਰਿਹਾ ਸੀ। ਚੁਣੇ ਹੋਏ ਪ੍ਰਤੀਨਿਧ ਵੀ ਕਿਸਾਨਾ ਨੂੰ ਅੰਦੋਲਨਜੀਵੀ ਕਹਿਕੇ ਕੋਸ ਰਹੇ ਸਨ। ਇਕ ਖੂਬਸੂਰਤ ਸ਼ਖਸੀਅਤ ਭਾਰਤ ਦੇ ਇਕ ਸੂਬੇ ਦਾ ਗਵਰਨਰ ਹੋਣ ਦੇ ਬਾਵਜੂਦ ਸਿਸਟਮ ਤੋਂ ਬੇਖੌਫ ਹੋ ਕੇ ਸਚ ਬੋਲਣ ਦੀ ਜੁਅਰਤ ਨਾਲ ਕਿਸਾਨਾ ਦੇ ਹਕ ਵਿਚ ਨਿਤਰੀ,ਓਹ ਸੀ ਸਤਿਆਪਾਲ ਮਲਿਕ। ਕਿਰਤੀ ਕਿਸਾਨ ਫੋਰਮ ਨੇ ਜਦ ਪਿਛਲੇ ਮਹੀਨੇ ਓਨਾਂ ਦਾ ਸਨਮਾਨ ਕਰਨ ਅਤੇ ਕਿਰਤੀ ਕਿਸਾਨਾਂ ਨੂੰ ਸੇਧ ਦੇਣ ਲਈ ਓਨਾਂ ਨੂੰ ਪੰਜਾਬ ਆਓਣ ਦਾ ਸਦਾ ਦਿਤਾ ਤਾਂ ਓਨਾ ਦੀ ਸਿਹਤ ਨਾਸਾਜ਼ ਹੋਣ ਕਾਰਨ ਸੰਭਵ ਨਾ ਹੋ ਸਕਿਆ। ਕਿਰਤੀ ਕਿਸਾਨ ਫੋਰਮ ਵਲੋਂ ਬੀਤੇ ਦਿਨ ਦਿਲੀ ਵਿਖੇ ਚੇਅਰਮੈਨ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਸਤਿਆਪਾਲ ਮਲਿਕ ਦਾ ਇੰਡੀਆ ਇੰਟਰਨੈਸ਼ਨਲ ਸੈਂਟਰ ,ਨਵੀਂ ਦਿਲੀ ਵਿਖੇ ਸਨਮਾਨਿਤ ਕੀਤਾ ਗਿਆ। ਕਿਰਤੀ ਕਿਸਾਨ ਫੋਰਮ ਦੀਆਂ ਗਤੀਵਿਧੀਆਂ ਦੀ ਸਲਾਘਾ ਕਰਦੇ ਹੋਏ ਓਨਾਂ ਉਮੀਦ ਪ੍ਰਗਟ ਕੀਤੀ ਕਿ ਦੇਸ਼ ਭਰ ਦੇ ਕਿਸਾਨ, ਜਿਹੜੇ ਸਿਰ ਤਕ ਕਰਜ਼ਿਆਂ ਵਿਚ ਡੁਬੇ ਹੋਏ ਨੇ, ਦਾ ਭਵਿੱਖ ਸੁਰੱਖਿਅਤ ਕਰਨ ਲਈ ਪੰਜਾਬ ਦੇ ਕਿਸਾਨ ਪਹਿਲਾਂ ਵਾਂਗ ਭਵਿੱਖ ਵਿਚ ਵੀ ਅਗਵਾਈ ਕਰਨਗੇ। ਪੇਂਡੂ ਖੇਤਰ ਵਿਚ ਪਸਰੀ ਗਰੀਬੀ ਅਤੇ ਬੇਰੁਜ਼ਗਾਰੀ ਦੇ ਸਮਾਧਾਨ ਲਈ ਓਨਾਂ ਮਿਆਰੀ ਅਤੇ ਹੁਨਰਮੰਦ ਸਿਖਿਆ ਦੇ ਪਸਾਰ ਤੇ ਜੋਰ ਦਿਤਾ। ਕਿਰਤੀ ਕਿਸਾਨ ਦੀ ਗਰੀਬੀ ਦਾ,ਓਨਾਂ ਕਿਹਾ, ਇਕੋ ਇਕ ਹਲ ਚੰਗੀ ਸਿਖਿਆ ਅਤੇ ਸਿਹਤ ਸਹੂਲਤਾਂ ਪੈਦਾ ਕਰਨਾ ਹੈ। ਬੜੇ ਭਾਵਨਾਤਮਕ ਮਹੌਲਵਿਚ ਓਨਾਂ ਪੋਹ ਮਾਹ ਵਿਚ ਦਸ਼ਮ ਪਾਤਸ਼ਾਹ ਦੇ ਸਾਹਿਬਜ਼ਾਦਿਆ ਦੀ ਬੇਮਿਸਾਲ ਸ਼ਹਾਦਤ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਫਰਵਰੀ ਮਹੀਨੇ ਓਨਾਂ ਪੰਜਾਬ ਆਓਣ ਦਾ ਭਰੋਸਾ ਵੀ ਦਿਤਾ।ਸਾਰੇ ਹਾਜ਼ਰ ਮੈਬਰਾਂ ਵਲੋਂ ਓਨਾ ਨੂੰ ਦੋਸ਼ਾਲੇ ਅਤੇ ਮੋਮੈਂਟੋ ਭੇਂਟ ਕਰਦਿਆਂ ਓਨਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਕਿਸਾਨ ਹਿਤੈਸ਼ੀ ਅਤੇ ਬੇਖੋਫ ਹੋ ਕੇ ਸਚ ਦੀ ਅਵਾਜ ਬੁਲੰਦ ਕਰਨ ਵਾਲੇ ਸਤਿਆਪਾਲ ਮਲਿਕ ਨਾਲ ਇਸ ਨਿਵੇਕਲੀ ਮੀਟਿੰਗ ਦਾ ਆਯੋਜਨ ਓਲੰਪੀਅਨ ਅਤੇ ਪ੍ਰੋਗਰੈਸਿਵ ਕਿਸਾਨ ਗੁਰਬੀਰ ਸਿੰਘ ਸੰਧੂ ਵਲੋਂ ਕੀਤਾ ਗਿਆ। ਮੀਟਿੰਗ ਵਿਚ ਕੁਲਬੀਰ ਸਿੰਘ ਸਿਧੂ ਸਾਬਕਾ ਕਮਿਸ਼ਨਰ, ਜੀ ਐਸ ਪੰਧੇਰ ਸਾਬਕਾ ਡੀ ਜੀ ਪੀ, ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਕਰਨਲ ਐਮ ਐਸ ਗੁਰੋਂ,ਰਣਬੀਰ ਸਿੰਘ ਖਟੜਾ ਸਾਬਕਾ ਆਈ. ਜੀ . ਹਰਕੇਸ਼ ਸਿੰਘ ਸਿਧੂ , ਜੀ ਕੇ ਸਿੰਘ ਧਾਲੀਵਾਲ ਅਤੇ ਡਾਕਟਰ ਮਨਜੀਤ ਸਿੰਘ ਰੰਧਾਵਾ ਹਾਜ਼ਰ ਸਨ।