- ਏ.ਡੀ.ਸੀ. ਅਤੇ ਡੀ.ਜੀ.ਆਰ.ਓਜ. ਨੂੰ ਹਰ ਮਹੀਨੇ ਦੀ 7 ਤਰੀਕ ਤੱਕ ਫੂਡ ਕਮਿਸ਼ਨ ਨੂੰ ਸ਼ਿਕਾਇਤ ਨਿਪਟਾਰਾ ਰਿਪੋਰਟ ਦੇਣ ਦੇ ਨਿਰਦੇਸ਼
ਚੰਡੀਗੜ੍ਹ, 16 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਨੁਸਾਰ ਸੂਬੇ ਦੇ ਲੋਕਾਂ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈੱਡੀ ਨੇ ਏ.ਡੀ.ਸੀਜ (ਵਿਕਾਸ) ਕਮ ਜ਼ਿਲਾ ਸ਼ਿਕਾਇਤ ਨਿਵਾਰਨ ਅਫਸਰਾਂ (ਡੀ.ਜੀ.ਆਰ.ਓਜ) ਨੂੰ ਨਿਯਮਤ ਵਕਫ਼ਿਆਂ ‘ਤੇ ਫੀਲਡ ਦੌਰੇ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਇਸ ਐਕਟ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਦਰਅਸਲ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ ਜਾ ਸਕੇ। ਅੱਜ ਇੱਥੇ ਸੈਕਟਰ-26 ਸਥਿਤ ਮਗਸੀਪਾ ਵਿਖੇ ਏ.ਡੀ.ਸੀਜ ਕਮ ਡੀ.ਜੀ.ਆਰ.ਓਜ ਨਾਲ ਐੱਨ.ਐੱਫ.ਐੱਸ.ਏ., 2013 ਤਹਿਤ ਡਿੱਪੂਆਂ(ਐੱਫ.ਪੀ.ਐੱਸ.), ਮਿਡ ਡਅੇ ਮੀਲ ਅਤੇ ਆਂਗਣਵਾੜੀਆਂ ‘ਤੇ ਮੁਫਤ ਕਣਕ ਦੀ ਵੰਡ ਸਬੰਧੀ ਸਥਿਤੀ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਸਮੇਂ-ਸਮੇਂ ‘ਤੇ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਉਕਤ ਮੁੱਦਿਆਂ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਚੇਅਰਮੈਨ ਨੇ ਇਹ ਵੀ ਕਿਹਾ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਸਬੰਧੀ ਸਪੀਕਿੰਗ ਆਰਡਰਜ਼ ਪਾਸ ਕੀਤੇ ਜਾਣ ਅਤੇ ਲੰਬਿਤ ਪਏ ਮਿਡ ਡੇ ਮੀਲ ਸਬੰਧੀ ਵੇਰਵੇ ਅਤੇ ਆਂਗਨਵਾੜੀਆਂ ਦੀ ਸਥਿਤੀ ਬਾਰੇ ਜਾਣਕਾਰੀ ਹਰ ਮਹੀਨੇ ਦੀ 7 ਤਰੀਕ ਤੱਕ ਕਮਿਸ਼ਨ ਨੂੰ ਭੇਜੀ ਜਾਣੀੇ ਚਾਹੀਦੀ ਹੈ। ਚੇਅਰਮੈਨ ਨੇ ਅੱਗੇ ਕਿਹਾ ਕਿ ਆਂਗਣਵਾੜੀ, ਮਿਡ ਡੇ ਮੀਲ ਦੇ ਲਾਭਪਾਤਰੀਆਂ ਦੇ ਸੰਪਰਕ ਵੇਰਵੇ ਇੱਕ ਪੰਦਰਵਾੜੇ ਵਿੱਚ ਕਮਿਸ਼ਨ ਨੂੰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਕਮਿਸ਼ਨ ਵੱਲੋਂ ਲਾਭਾਂ ਦੀ ਡਿਲੀਵਰੀ ਅਤੇ ਉਹਨਾਂ ਦੀ ਸੰਤੁਸ਼ਟੀ ਬਾਰੇ ਜਾਂਚ ਕਰਨ ਲਈ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕੇ। ਉਕਤ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਏ.ਡੀ.ਸੀਜ ਨੂੰ ਕਮਿਸ਼ਨ ਦੇ ਅਸਲ ਅਹਿਲਕਾਰ ਦੱਸਦੇ ਹੋਏ ਚੇਅਰਮੈਨ ਨੇ ਕਿਹਾ ਕਿ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਨਐਫਐਸਏ ਦੇ ਉਪਬੰਧਾਂ ਦੀ ਪਾਲਣਾ ਰਾਸ਼ਟਰ ਨਿਰਮਾਣ ਦਾ ਕਾਰਜ ਹੈ ਅਤੇ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਇੱਕ ਨਿਵੇਸ਼ ਹੈ। ਏ.ਡੀ.ਸੀਜ ਨੂੰ ਹਰ 6 ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ ਮਿਡ ਡੇ ਮੀਲ ਵਰਕਰਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਲਈ ਕਿਹਾ। ਚੇਅਰਮੈਨ ਨੇ ਹਦਾਇਤ ਕੀਤੀ ਕਿ ਸ਼ੁੱਧ ਪਾਣੀ ਦੀ ਸਪਲਾਈ ਵਾਂਗ ਭੋਜਨ ਤਿਆਰ ਕਰਨ ਲਈ ਸਵੱਛ ਸਥਿਤੀਆਂ ਵੀ ਬਹੁਤ ਜਰੂਰੀ ਹਨ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਚੇਅਰਮੈਨ ਨੇ ਏ.ਡੀ.ਸੀਜ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ, ਪੰਚਾਇਤ ਘਰਾਂ, ਡੀਸੀ ਦਫਤਰਾਂ ਵਿਖੇ ਐਨ.ਐਫ.ਐਸ.ਏ ਸਕੀਮਾਂ ਅਧੀਨ ਆਉਂਦੀਆਂ ਗਤੀਵਿਧੀਆਂ ਬਾਰੇ ਪ੍ਰਚਾਰ ਫਿਲਮ ਦਿਖਾਉਣ ਤੋਂ ਇਲਾਵਾ ਬੈਨਰ, ਪੋਸਟਰ ਲਗਾ ਕੇ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਸ੍ਰੀ ਰੈੱਡੀ ਨੇ ਕਿਹਾ ਕਿ ਸਥਾਨਕ ਕੇਬਲ ਟੀਵੀ ਆਪਰੇਟਰਾਂ ਨੂੰ ਵੀ ਫਿਲਮ ਦਿਖਾਉਣ ਲਈ ਕਿਹਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪ੍ਰੀਤੀ ਚਾਵਲਾ, ਸ੍ਰੀਮਤੀ ਇੰਦਰਾ ਗੁਪਤਾ, ਸ੍ਰੀ ਵਿਜੇ ਦੱਤ ਅਤੇ ਸ੍ਰੀ ਚੇਤਨ ਪ੍ਰਕਾਸ਼ ਵੀ ਸ਼ਾਮਲ ਹੋਏ।