ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਈਦ-ਉਲ-ਫਿਤਰ ਦੀ ਪੂਰਵ ਸੰਧਿਆ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਸ੍ਰੀ ਪੁਰੋਹਿਤ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਦਾ ਪ੍ਰਤੀਕ ਇਹ ਤਿਉਹਾਰ ਸਵੈ-ਸੰਜਮ, ਅਨੁਸ਼ਾਸਨ ਅਤੇ ਦਇਆ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਅਤੇ ਅਪਣਾਉਣ ਦੀ ਲੋੜ ਹੈ। ਰਾਜਪਾਲ ਨੇ ਕਿਹਾ ਕਿ ਆਓ ਇਸ ਦਿਨ ਅਸੀਂ ਆਪਣੇ ਆਪ ਨੂੰ ਇੱਕ ਅਜਿਹਾ ਸੰਸਾਰ ਸਿਰਜਣ ਲਈ ਸਮਰਪਿਤ ਕਰੀਏ ਜੋ ਝੂਠ ਅਤੇ ਵੈਰ-ਵਿਰੋਧ ਤੋਂ ਮੁਕਤ ਹੋਣ ਦੇ ਨਾਲ-ਨਾਲ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਭਰਪੂਰ ਹੋਵੇ ਜੋ ਇਸ ਤਿਉਹਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਲੋਕਾਂ ਨੂੰ ਈਦ-ਉਲ-ਫਿਤਰ ਦਾ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ, ਪਿਆਰ, ਮਿਲਵਰਤਣ ਅਤੇ ਆਪਸੀ ਸਮਝਦਾਰੀ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਜੋ ਕਿ ਕੌਮੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ।