- ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਾਰਟੀ ਇਸਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਅਨੈਤਿਕ ਗਤੀਵਿਧੀਆਂ ਨੂੰ ਵੀ ਬੇਨਕਾਬ ਕਰਨਗੇ
ਚੰਡੀਗੜ੍ਹ, 25 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 1 ਫਰਵਰੀ ਨੂੰ ਸ਼ੁਰੂ ਹੋ ਰਹੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਇਸਦੀ ਭ੍ਰਿਸ਼ਟ ਤੇ ਪੰਜਾਬ ਵਿਰੋਧੀ ਸਰਕਾਰ ਨੂੰ ਬੇਨਕਾਬ ਕਰਨਗੇ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਘਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਨੂੰ ਹਰ ਮੁਹਾਜ਼ ’ਤੇ ਫੇਲ੍ਹ ਕਰ ਦਿੱਤਾ ਹੈ ਤੇ ਗੈਂਗਸਟਰਵਾਦ ਸਭਿਆਚਾਰ ਕਾਰਨ ਸੂਬੇ ਵਿਚਂ ਉਦਯੋਗ ਬਾਹਰ ਜਾ ਰਹੇ ਹਨ ਜਿਸ ਨਾਲ ਬੇਰੋਜ਼ਗਾਰੀ ਵਿਆਪਕ ਪੱਧਰ ’ਤੇ ਫੈਲੀ ਹੈ, ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ, ਪੰਜਾਬੀਆਂ ਨੂੰ ਸਮਾਜ ਭਲਾਈ ਸਕੀਮ ਦਾ ਲਾਭ ਨਹੀ਼ ਦਿੱਤਾ ਜਾ ਰਿਹਾ, ਕਿਸਾਨਾਂ ਨਾਲ ਵਿਤਕਰਾ ਹੋ ਰਿਹਾ ਹੈ ਤੇ ਨਸ਼ਾ ਤਸਕਰੀ ਵਿਚ ਬਹੁਤ ਵਾਧਾ ਹੋ ਰਿਹਾ ਹੈ। ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਆਪ ਸਰਕਾਰ ਨੂੰ ਕਰਾਰਾ ਸਬਕ ਸਿਖਾਉਣ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਆਪ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਕਰਨਗੀਆਂ ਤੇ ਇਸ ਨਾਲ ਲੋਕ ਹਿਤੈਸ਼ੀ ਅਕਾਲੀ ਦਲ ਦੀ ਸਰਕਾਰ ਦੀ ਸਥਾਪਨਾ ਦਾ ਰਾਹ ਖੁੱਲ੍ਹੇਗਾ ਕਿਉਂਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਆਸਾਂ ਦੀ ਰਾਖੀ ਵਾਸਤੇ ਡੱਟਦਾ ਆ ਰਿਹਾ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਨੇ ਪੰਜਾਬ ਨੂੰ ਕਈ ਦਹਾਕੇ ਪਿੱਛੇ ਧੱਕ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਕੋਈ ਵਿਕਾਸ ਕਾਰਜ ਨਹੀਂ ਹੋਇਆ ਤੇ ਨਾ ਹੀ ਕੋਈ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਆਰੰਭਿਆ ਗਿਆ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਵਿਚ ਡੁੱਬੀਆਂ ਹਨ ਤੇ ਆਪ ਸਰਕਾਰ ਵਿਚ ਦਿੱਲੀ ਦੇ ਆਬਕਾਰੀ ਘੁਟਾਲੇ ਵਾਂਗੂ ਸ਼ਰਾਬ ਘੁਟਾਲਾ ਕੀਤਾ ਗਿਆ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ ਅਸੀਂ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਅਨੈਤਿਕ ਗਤੀਵਿਧੀਆਂ ਵੀ ਉਜਾਗਰ ਕਰਾਂਗੇ ਜਿਹਨਾਂ ਦੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਿਲਾਫ ਬਦਫੈਲੀ ਦੇ ਦੋਸ਼ ਹੋਣ ਜਾਂ ਫਿਰ ਹੁਣ ਮੰਤਰੀ ਬਲਕਾਰ ਸਿੰਘ ਦੀ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਹੋਵੇ, ਮੁੱਖ ਮੰਤਰੀ ਆਪਣੇ ਅਨੈਤਿਕ ਮੰਤਰੀਆਂ ਦੇ ਬਚਾਅ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਲੋਕ ਸੁਰੱਖਿਅਤ ਨਹੀ਼ ਹਨ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਰਲ ਕੇ ਇਹਨਾਂ ਸਭ ਮਾੜੇ ਕੰਮਾਂ ਦਾ ਖ਼ਾਤਮਾ ਕਰਾਂਗੇ।