ਮੁੱਲਾਂਪੁਰ, 02 ਜੂਨ : ਸਿਆਸਤਦਾਨ ਅਤੇ ਸਾਬਕਾ ਅਹੁਦੇਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਲਾਂਪੁਰ ਨੇੜੇ ਦਰਬਾਰਾ ਸਿੰਘ ਗੁਰੂ ਦੀ ਰਿਹਾਇਸ਼ ’ਤੇ ਪੁੱਜੇ, ਜਿੱਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਯਾਦਗਾਰੀ ਟਰੱਸਟ ਦੇ ਸਾਬਕਾ ਮੈਂਬਰ ਸਕੱਤਰ ਨੂੰ ਮੁੜ ਪਾਰਟੀ ’ਚ ਸ਼ਾਮਲ ਕੀਤਾ। ਪੰਜਾਬ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਪੰਜਾਬ ਦਹਾਕਿਆਂ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਹਰਿਆਣਾ ਵਿੱਚ ਜੀ.ਐਸ.ਟੀ. ਮਾਲੀਆ ਪੰਜਾਬ ਨਾਲੋਂ ਚਾਰ ਗੁਣਾ ਵੱਧ ਹੈ। ਉਨ੍ਹਾਂ ਪਾਰਟੀ ਕੇਡਰ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਭ੍ਰਿਸ਼ਟ ‘ਆਪ’ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਅਤੇ ਫਿਰ ਪੰਜਾਬ ਵਿਚ ਸ਼ਾਂਤੀ, ਤਰੱਕੀ ਅਤੇ ਵਿਕਾਸ ਦਾ ਦੌਰ ਵਾਪਸ ਲਿਆਉਣ। ਦਰਬਾਰਾ ਸਿੰਘ ਗੁਰੂ ਨੇ ਅਕਾਲੀ ਦਲ ਵਿੱਚ ਵਾਪਸੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਜੇ ਉਨ੍ਹਾਂ ਦੀ ਕੋਈ ਪਛਾਣ ਹੈ ਤਾਂ ਉਹ ਇਹ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਸਿਧਾਂਤਾਂ ਅਤੇ ਵਿਚਾਰਧਾਰਾ ਅਨੁਸਾਰ ਪਾਰਟੀ ਦੀ ‘ਚੜ੍ਹਦੀ ਕਲਾ’ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਸੁਰਜੀਤ ਸਿੰਘ ਰੱਖੜਾ, ਜਗਦੀਪ ਸਿੰਘ ਚੀਮਾ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਹਾਜ਼ਰ ਸਨ।