ਚੰਡੀਗੜ੍ਹ, 21 ਮਈ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਭਾਜਪਾ ਸਰਕਾਰ ਦੇ ਕਰੰਸੀ ਬਦਲਣ ਦੇ ਲਏ ਸਨਕੀ ਫੈਂਸਲਿਆਂ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਹੈ ਕਿ 700 ਸਾਲ ਪਹਿਲਾਂ 1325 ਵਿਚ ਭਾਰਤ ਤੇ ਰਾਜ ਕਰਨ ਵਾਲਾ ਸਾਸ਼ਕ ਮੁਹੰਮਦ ਬਿਨ ਤੁਗਲਕ ਸੀ, ਜਿਸਨੇ ਦੇਸ ਦੀ ਕਰੰਸੀ ਬਦਲਣ ਸਬੰਧੀ ਮੋਦੀਮਯ ਸਨਕੀ ਫੈਂਸਲੇ ਲਏ ਸਨ ਅਤੇ ਦੇਸ਼ ਦੀ ਕੰਗਾਲੀ ਦੇ ਨਾਲ ਨਾਲ ਆਪ ਜਨਤਾ ਨੂੰ ਵੀ ਮਹਿਗਾਈ ਕਰੂਰਤਮ ਮਾਰ ਝੱਲਣੀ ਪਈ ਸੀ। ਸ ਗੜ੍ਹੀ ਨੇ ਕਿਹਾ ਕਿ ਕਰੰਸੀ ਸੰਸਾਰਿਕ ਮੁੱਦਾ ਹੈ। ਸਰਕਾਰ ਵਲੋਂ ਘਰੇਲੂ ਕਰੰਸੀ ਨਾਲ ਛੇੜਛਾੜ ਕਰਨ ਤੇ ਵਿਸ਼ਵ ਵਿੱਚ ਘਰੇਲੂ ਕਰੰਸੀ ਦੀਆ ਕੀਮਤਾਂ ਤੇ ਬੁਰਾ ਅਸਰ ਪੈਂਦਾ ਹੈ, ਕਰੰਸੀ ਦੀ ਕੀਮਤ ਦੂਜੀਆਂ ਕਰੰਸੀਆ ਦੇ ਮੁਕਾਬਤਨ ਘੱਟ ਜਾਂਦੀ ਹੈ। ਜਿਸ ਕਰਕੇ ਘਰੇਲੂ ਬਾਜ਼ਾਰਾਂ ਵਿਚ ਉੱਥਲ ਪੁੱਥਲ ਮੱਚ ਜਾਂਦੀ ਹੈ, ਥੋਕ ਬਾਜ਼ਾਰ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਪਰਚੂਨ ਵਿੱਚ ਮਹਿੰਗਾਈ ਦਰ ਵਿਚ ਵਾਧਾ ਹੁੰਦਾ ਹੈ, ਜਿਵੇਂ ਕਿ 2016 ਵਿੱਚ ਕਰੰਸੀ ਬਦਲਣ ਦੇ ਸਣਕੀ ਫੈਸਲੇ ਤੋਂ ਬਾਅਦ ਹੋਇਆ ਸੀ। ਅਜਿਹੇ ਹਾਲਾਤ ਗਰੀਬਾਂ ਤੇ ਮੱਧਵਰਗੀ ਪਰਿਵਾਰਾਂ ਲਈ ਮੁਸ਼ਕਿਲ ਸਮਾਂ ਲੈਕੇ ਆਉਂਦਾ ਹੈ, ਜਿਵੇਂ ਕਿ ਅੱਜ ਭਾਜਪਾ ਸਰਕਾਰ ਦੇ ਅਦੂਰਦਰਸ਼ੀ ਸਨਕੀ ਫੈਂਸਲਿਆਂ ਨਾਲ ਹੋ ਰਿਹਾ ਹੈ। ਸ ਗੜ੍ਹੀ ਨੇ ਕਿਹਾ ਸਰਕਾਰ ਨੂੰ ਸਨਕੀ ਤੁਗਲਕੀ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਮੁਹੰਮਦ ਤੁਗਲਕ ਦਾ ਇਤਿਹਾਸ ਜਰੂਰ ਗਹਿਰਾਈ ਨਾਲ ਸਮਝਣਾ ਚਾਹੀਦਾ ਹੈ।