ਚੰਡੀਗੜ੍ਹ, 16 ਫਰਵਰੀ : ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਆਪਣਾ ਮਿਜਾਜ਼ ਬਦਲ ਸਕਦਾ ਹੈ। ਜਿਸ ਕਾਰਨ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਠੰਢ ਵਧਣ ਦੀ ਸੰਭਾਵਨਾ ਹੈ । ਦਰਅਸਲ, ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ । ਮੌਸਮ ਵਿਭਾਗ ਅਨੁਸਾਰ 18 ਤੋਂ 21 ਫਰਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ 17 ਫਰਵਰੀ ਤੋਂ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਅਨੁਸਾਰ 18 ਫਰਵਰੀ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਵੇਗੀ, ਪਰ 19 ਤੋਂ 21 ਫਰਵਰੀ ਤੱਕ ਜ਼ਿਆਦਾਤਰ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਖਾਸ ਤੌਰ ‘ਤੇ 19 ਫਰਵਰੀ ਨੂੰ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ । ਹਾਲਾਂਕਿ 16 ਤੇ 17 ਫਰਵਰੀ ਨੂੰ ਮੌਸਮ ਸਾਫ ਰਹੇਗਾ ਤੇ ਤਾਪਮਾਨ ਵਧੇਗਾ। ਦੱਸ ਦੇਈਏ ਕਿ ਪਿਛਲੇ ਦਿਨੀਂ ਵੀ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਿਹਾ ਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ । ਫਰੀਦਕੋਟ ਦਾ ਦਿਨ ਦਾ ਤਾਪਮਾਨ ਸਭ ਤੋਂ ਵੱਧ 25.9 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਰਾਤ ਦਾ ਤਾਪਮਾਨ 4.4 ਡਿਗਰੀ ਸੈਲਸੀਅਸ (ਆਮ ਤੋਂ 4.4 ਡਿਗਰੀ ਘੱਟ) ਰਿਹਾ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਹਰਿਆਣਾ ਵਿੱਚ ਵੀ ਮੌਸਮ ਆਪਣਾ ਮਿਜਾਜ਼ ਬਦਲੇਗਾ । ਮੌਸਮ ਵਿਭਾਗ ਅਨੁਸਾਰ 18 ਤੋਂ 19 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ 5 ਤੋਂ ਵੱਧ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਖ਼ਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।