ਵਿਧਾਇਕ ਕੰਬੋਜ ਦੇ ਪਿਤਾ ਵੱਲੋਂ ਏ ਕੇ 47 ਦੀ ਦੁਰਵਰਤੋਂ ਕਰਨ ਲਈ ਕੇਸ ਦਰਜ ਕੀਤਾ ਜਾਵੇ : ਮਜੀਠੀਆ

ਚੰਡੀਗੜ੍ਹ, 23 ਅਕਤੂਬਰ 2024 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਵੱਲੋਂ ਏ ਕੇ 47 ਰਾਈਫਲ ਦੀ ਦੁਰਵਰਤੋਂ ਕਰਨ ’ਤੇ ਵਿਧਾਇਕ ਖਿਲਾਫ ਕੇਸ ਦਰਜ ਕੀਤਾ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਹੈਰਾਨੀਜਨਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਵਿਧਾਇਕ ਦੇ ਪਿਤਾ ਸੁਰਿੰਦਰ ਕੰਬੋਜ ਏ ਕੇ 47 ਰਾਈਫਲ ਲੈ ਕੇ ਇਕ ਮਹਿਲਾ ਨਾਲ ਨੱਚਦੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਹੀ ਸਪਸ਼ਟ ਕਰ ਸਕਦੀ ਹੈ ਕਿ ਜਿਸ ਹਥਿਆਰ ਨੂੰ ਲੈ ਕੇ ਜੋੜਾ ਨੱਚਦਾ ਨਜ਼ਰ ਆ ਰਿਹਾ ਹੈ, ਉਹ ਜਗਦੀਪ ਕੰਬੋਜ ਦੇ ਗੰਨਮੈਨ ਦਾ ਹੈ ਜਾਂ ਫਿਰ ਪਾਕਿਸਤਾਨ ਤੋਂ ਦਰਾਮਦ ਕੀਤਾ ਗਿਆ ਹੈ।ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਵਿਧਾਇਕ ਅਤੇ ਉਸਦੇ ਨਾਲ-ਨਾਲ ਉਸਦੇ ਪਿਤਾ ਅਤੇ ਵੀਡੀਓ ਵਿਚ ਦਿਸ ਰਹੀ ਮਹਿਲਾ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਹਥਿਆਰ ਗੰਨਮੈਨ ਦਾ ਹੈ ਤਾਂ ਫਿਰ ਵਿਧਾਇਕ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਵਿਧਾਇਕ ਨੇ ਉਹਨਾਂ ਦੀ ਸੁਰੱਖਿਆ ਲਈ ਪ੍ਰਦਾਨ ਹਥਿਆਰ ਆਪਣੇ ਪਿਤਾ ਨੂੰ ਦੇਣ ਦਿੱਤਾ।ਉਹਨਾਂ ਕਿਹਾ ਕਿ ਏ ਕੇ 47 ਵਰਗੇ ਹਥਿਆਰਾਂ ਦੀ ਦੁਰਵਰਤੋਂ ਡਾਂਸ ਕਰਨ ਵਾਸਤੇ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਫਿਰ ਉਸਦੇ ਖਿਲਾਫ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਵਿਧਾਇਕ ਦੇ ਪਿਤਾ ਨੂੰ ਆਪਣੇ ਹਥਿਆਰ ਦਿੱਤੇ।