- ਬਾਦਲ ਨੇ ਪ੍ਰਭਾਵਤ ਸਿੱਖ ਪਰਿਵਾਰਾਂ ਦੇ ਮੈਂਬਰਾਂ ਲਈ ਸਰਕਾਰੀ ਨੌਕਰੀ ਮੰਗੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਫਿਰਕੂ ਸਦਭਾਵਨਾ ਲਈ ਸਮਾਜਿਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਕੀਤੀ ਅਪੀਲ
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੀੜਤਾਂ ਦੀ ਮਦਦ ਵਾਸਤੇ ਅੱਗੇ ਆਉਣ ਦੀ ਕੀਤੀ ਅਪੀਲ
ਚੰਡੀਗੜ੍ਹ, 31 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਸੂਬੇ ਵਿਚ ਲੋਕਾਂ ਵਿਚ ਵਧੇਰੇ ਆਪਸੀ ਸਮਠ ਪੈਦਾ ਕਰਨ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਵਾਸਤੇ ਜਾਗਰੂਕਤਾ ਲਿਆਵੁਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਭਰ ਵਿਚ ਮਹਾਨ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੀ ਭੂਮਿਕਾ ਬਾਰੇ ਜਾਗਰੂਕਤਾ ਲਹਿਰ ਆਰੰਭੀ ਜਾਵੇ। ਉਹਨਾਂ ਕਿਹਾ ਕਿ ਮਹਾਰਾਸ਼ਟਰ ਵਿਚ ਤਿੰਨ ਸਿਕਗਲੀਗਰ ਸਿੱਖਾਂ ਦਾ ਕਤਲੇਆਮ ਕਰਨ ਦੇ ਮੱਦੇਨਜ਼ਰ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿਉਂਕਿ ਇਕ ਸੂਬਾ ਜੋ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਕਾਰਨ ਦੁਨੀਆਂ ਭਰ ਵਿਚ ਪ੍ਰਸਿੱਧ ਹੈ ਅਤੇ ਜੋ ਦਸਮ ਪਾਤਸ਼ਾਹ ਸ੍ਰੀਗੁਰੂ ਗੋਬਿੰਦ ਸਿੰਘ ਜੀ ਨਾਲ ਇਤਿਹਾਸਕ ਤੌਰ ’ਤੇ ਜੁੜੇ ਹੋਣ ਕਾਰਨ ਪ੍ਰਸਿੱਧ ਹੈ, ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਹ ਪੀੜਤਾਂ ਦੇ ਪਰਿਵਾਰਾਂ ਵਿਚੋਂ ਇਕ ਇਕ ਯੋਗ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਐਕਸ ਗ੍ਰੇਸ਼ੀਆ ਗਰਾਂਟ ਪ੍ਰਦਾਨ ਕਰਨ। ਸਰਦਾਰ ਬਾਦਲ ਨੇ ਸਰਦਾਰ ਗੁਰਿੰਦਰ ਸਿੰਘ ਬਾਜਵਾ ਦੀ ਡਿਊਟੀ ਲਗਾਈ ਕਿ ਉਹ ਪ੍ਰਭਾਵਤ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਜਾ ਕੇ ਮਿਲਣ ਅਤੇ ਪੀੜਤ ਕ੍ਰਿਪਾਲ ਸਿੰਘ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਅਤੇ ਜ਼ਖ਼ਮੀ ਅਰੁਣ ਸਿੰਘ ਤਾਕ ਤੇ ਗੋਰਾ ਸਿੰਘ ਢੁਡਾਨੀ ਦੇ ਪਰਿਵਾਰ ਨੂੰ ਇਕ ਇਕ ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਅਤੇ ਇਹ ਦੱਸਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸਾਰੀ ਦੁਨੀਆਂ ਤੋਂ ਸਿੱਖ ਕੌਮ ਉਹਨਾਂ ਦੇ ਨਾਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੁਨੀਆਂ ਭਰ ਵਿਚ ਸਿੱਖ ਕੌਮ ਦੇ ਹਰ ਮੈਂਬਰ ਦੇ ਹਿੱਤਾਂ ਦੀ ਰਖਵਾਲੀ ਯਕੀਨੀ ਬਣਾਏਗਾ।