ਚੰਡੀਗੜ੍ਹ, 22 ਮਈ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿਛਲੇ ਮਹੀਨੇ ਦੌਰਾਨ ਮੌਸਮੀ ਕਰੋਪੀ ਕਾਰਨ ਹੋਈ ਹਾੜ੍ਹੀ ਦੀਆਂ ਫਸਲਾਂ ਦੀ ਤਬਾਹੀ ਦੇ ਐਲਾਨ ਕੀਤੇ ਮੁਆਵਜ਼ੇ ਦੀ ਬਕਾਇਆ ਅਦਾਇਗੀ ਤੁਰੰਤ ਕਰਨ ਬਾਰੇ ਅਤੇ ਇਨ੍ਹੀਂ ਦਿਨੀਂ ਆਏ ਤੂਫ਼ਾਨੀ ਕਹਿਰ ਨਾਲ਼ ਜਾਂ ਰਜਬਾਹੇ ਟੁੱਟਣ ਨਾਲ ਸੌਣੀ ਦੀਆਂ ਫ਼ਸਲਾਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਅਤੇ ਮੌਤ ਦਾ ਸ਼ਿਕਾਰ ਹੋਏ ਮਨੁੱਖਾਂ/ਪਸ਼ੂਆਂ ਦੇ ਵਾਰਸਾਂ/ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਸੰਬੰਧੀ ਮੰਗਾਂ ਨੂੰ ਲੈ ਕੇ 17 ਜ਼ਿਲ੍ਹਿਆਂ ਵਿੱਚ 50 ਤੋਂ ਵੱਧ ਐਸ ਡੀ ਐਮ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾ ਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ 100% ਫ਼ਸਲੀ ਤਬਾਹੀ ਲਈ ਐਲਾਨ ਕੀਤੇ ਗਏ 15000 ਰੁਪਏ ਪ੍ਰਤੀ ਏਕੜ ਦੇ ਨਿਗੂਣੇ ਮੁਆਵਜ਼ੇ ਦੀ ਅਦਾਇਗੀ ਵੀ ਸਿਰਫ ਪੰਜ ਏਕੜ ਤੱਕ ਕਰਨ ਦੀ ਬੇਤੁਕੀ ਕਿਸਾਨ ਵਿਰੋਧੀ ਸ਼ਰਤ ਵਾਪਸ ਲਈ ਜਾਵੇ। ਵਿਸ਼ੇਸ਼ ਗਰਦੌਰੀ ਵਿੱਚ ਦਰਜ ਤਬਾਹੀ ਮੁਤਾਬਕ ਇਸ ਐਲਾਨੇ ਗਏ ਮੁਆਵਜ਼ੇ ਦੀ ਅਦਾਇਗੀ ਸਾਰੇ ਪੀੜਤ ਕਾਸ਼ਤਕਾਰਾਂ ਨੂੰ ਤੁਰੰਤ ਕੀਤੀ ਜਾਵੇ। ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਤੋਂ ਘੱਟ ਰੇਟ 'ਤੇ ਵਿਕੀ ਕਣਕ, ਮੂੰਗੀ ਅਤੇ ਆਲੂਆਂ ਆਦਿ ਹੋਰ ਫ਼ਸਲਾਂ ਦੇ ਘਾਟੇ ਦੀ ਪੂਰੀ ਭਰਪਾਈ ਕੀਤੀ ਜਾਵੇ। ਇਨ੍ਹੀਂ ਦਿਨੀਂ ਆਏ ਤੂਫ਼ਾਨੀ ਕਹਿਰ ਨਾਲ਼ ਅਤੇ ਰਜਬਾਹੇ ਟੁੱਟਣ ਨਾਲ ਉੱਗ ਰਹੀਆਂ ਸੌਣੀ ਫ਼ਸਲਾਂ ਤੇ ਮਕਾਨਾਂ ਦੀ ਤਬਾਹੀ ਦੀ ਵਿਸ਼ੇਸ਼ ਗਰਦੌਰੀ ਤੁਰੰਤ ਕਰਵਾ ਕੇ ਅਤੇ ਮੌਤ ਦਾ ਸ਼ਿਕਾਰ ਹੋਏ ਮਨੁੱਖਾਂ ਤੇ ਪਸ਼ੂਆਂ ਦੀ ਸ਼ਨਾਖਤ ਤੁਰੰਤ ਕਰਵਾ ਕੇ ਹੋਏ ਫ਼ਸਲੀ/ਮਕਾਨਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਮੌਤ ਦਾ ਸ਼ਿਕਾਰ ਹੋਏ ਲੋਕਾਂ/ਪਸ਼ੂਆਂ ਦੇ ਵਾਰਸਾਂ/ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਸਮੇਤ ਔਰਤ ਆਗੂਆਂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ, ਅਮਨਦੀਪ ਕੌਰ ਬਾਰਨ, ਰਮਨਦੀਪ ਕੌਰ ਫਾਜ਼ਿਲਕਾ, ਜਸਵੀਰ ਕੌਰ ਉਗਰਾਹਾਂ ਅਤੇ ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਫਸਲੀ ਤਬਾਹੀ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਤਾਂ ਮੰਨੀ ਹੀ ਨਹੀਂ ਸਗੋਂ ਖੁਦ ਐਲਾਨਿਆ 100% ਤਬਾਹੀ ਦਾ ਨਿਗੂਣਾ ਮੁਆਵਜ਼ਾ 15000 ਰੁਪਏ ਪ੍ਰਤੀ ਏਕੜ ਦੇਣ ਤੋਂ ਵੀ ਪੱਲਾ ਝਾੜ ਰਹੀ ਹੈ। ਇਸ ਦੀ ਅਦਾਇਗੀ ਲਈ ਸਿਰਫ਼ ਪੰਜ ਏਕੜ ਤੱਕ ਦੀ ਸ਼ਰਤ ਲਾਉਣ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿੱਚ ਤਾਂ 100% ਅਤੇ 50% ਤਬਾਹੀ ਦੋਨਾਂ ਦਾ ਮੁਆਵਜ਼ਾ ਸਿਰਫ਼ 6800 ਰੁਪਏ ਪ੍ਰਤੀ ਏਕੜ ਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੁਆਵਜ਼ਾ ਤਾਂ ਕੀ ਦੇਣਾ ਸੀ ਉਲਟਾ ਦਾਗੀ/ਪਿਚਕੇ ਦਾਣਿਆਂ ਬਹਾਨੇ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੁਰਮਾਨ ਕੱਢ ਮਾਰਿਆ। ਇਸ ਤੋਂ ਇਲਾਵਾ ਸਾਰੀਆਂ ਫਸਲਾਂ ਦੀ ਮੁਕੰਮਲ ਖਰੀਦ ਐੱਮ ਐੱਸ ਪੀ ਉੱਤੇ ਕਰਨ ਤੋਂ ਨਾਬਰ ਰਵੱਈਏ ਕਾਰਨ ਕਿਸਾਨਾਂ ਨੂੰ ਸ਼ਿਮਲਾ ਮਿਰਚ ਵਰਗੀਆਂ ਫਸਲਾਂ ਸਣੇ ਕਈ ਫ਼ਸਲਾਂ ਖੇਤਾਂ ਵਿੱਚ ਹੀ ਵਾਹੁਣੀਆਂ ਪੈ ਰਹੀਆਂ ਹਨ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਇਨਸਾਫ ਪਸੰਦ ਲੋਕਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਦਾ ਸੱਦਾ ਦਿੱਤਾ।