ਚੰਡੀਗੜ੍ਹ, 18 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਫੇਲ੍ਹ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ, ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਕੱਪੜਾ ਫੈਕਟਰੀ ਦਾ ਮਾਲਕ ਸੰਭਵ ਜੈਨ ਅੱਜ ਉਸ ਸਮੇਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਦੋਂ ਕੁਝ ਅਪਰਾਧੀਆਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਿਨ ਵਿੱਚ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਵੱਡੀਆਂ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ। ਜੰਡਿਆਲਾ ਥਾਣੇ ਅਧੀਨ ਪੈਂਦੀ ਨਵਾਂ ਪਿੰਡ ਪੁਲਿਸ ਚੌਕੀ 'ਤੇ ਤਾਇਨਾਤ ਏਐਸਆਈ ਸਰੂਪ ਸਿੰਘ (53) ਦੀ ਕੱਲ੍ਹ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ 'ਚ 'ਆਪ' ਆਗੂ ਦਾ ਭਰਾ ਵੀ ਗੋਲੀਬਾਰੀ 'ਚ ਜ਼ਖਮੀ ਹੋ ਗਿਆ ਹੈ।ਬਾਜਵਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੋਗਾ ਦੇ ਵਸਨੀਕ ਵਿਕਾਸ ਜਿੰਦਲ ਦਾ ਗੈਂਗ ਦੁਸ਼ਮਣੀ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਬਾਜਵਾ ਨੇ ਕਿਹਾ ਕਿ ਉਹ ਚੋਣਾਂ ਵਾਲੇ ਸੂਬਿਆਂ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 20 ਮਹੀਨਿਆਂ ਦੇ ਸ਼ਾਸਨ ਕਾਲ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਇੱਕ ਨਵੀਂ ਆਮ ਗੱਲ ਬਣ ਗਈਆਂ ਹਨ। ਹਾਲ ਹੀ ਵਿੱਚ ਅਬੋਹਰ ਨੇੜੇ ਇੱਕ ਪਿੰਡ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੀ ਇਹ ਉਹੀ ਪੰਜਾਬ ਹੈ, ਜਿਸ ਦਾ ਵਾਅਦਾ ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ? ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੀ ਬਜਾਏ 'ਆਪ' ਸਰਕਾਰ ਨੇ ਗੰਧਲਾ ਬਣਾ ਦਿੱਤਾ ਹੈ।