ਚੰਡੀਗੜ੍ਹ, 20 ਫਰਵਰੀ : ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਕਈ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਟਵੀਟ ਸਾਹਮਣੇ ਆਇਆ ਹੈ। ਟਵੀਟ ਰਾਹੀਂ ਜਿੱਥੇ ਇੱਕ ਪਾਸੇ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਚੌਥੀ ਦੌਰ ਦੀ ਮੀਟਿੰਗ ਸਿਰੇ ਨਾ ਚੜ੍ਹਨ ਦਾ ਦੁੱਖ ਜਤਾਇਆ, ਉੱਥੇ ਹੀ ਇਸ ਦਾ ਭਾਂਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਫੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਿਸਾਨ ਅੰਦੋਲਨ ਰਾਹੀਂ ਸਿਆਸੀ ਲਾਹਾ ਲੈ ਰਹੇ ਹਨ। ਇਹ ਦੁੱਖਦਾਈ ਹੈ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਲੱਗ ਸਕੀ। ਪਰ, ਇਸ ਗੱਲਬਾਤ ਦੇ ਫੇਲ੍ਹ ਹੋਣ ਦਾ ਪਹਿਲਾਂ ਹੀ ਡਰ ਸੀ, ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਹਨ, ਜਿੰਨ੍ਹਾਂ ਨੂੰ ਗੱਲਬਾਤ ਦੇ ਫੇਲ ਹੋਣ ਨਾਲ ਹੀ ਸਿਆਸੀ ਲਾਹਾ ਮਿਲਣਾ ਸੀ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਨਾਂਅ ਬਦਨਾਮ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਦੇ ਰਾਹ ਤੋਰਨ ਦਾ ਮੌਕਾ ਮਿਲ ਜਾਣਾ ਸੀ, ਜਿਹੜੇ ਪਹਿਲਾਂ ਚੰਡੀਗੜ੍ਹ ਆਉਣਾ ਚਾਹੁੰਦੇ ਸਨ। ਅੱਗੇ ਲਿਖਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਾ ਮਸਲਾ ਗੱਲਬਾਤ ਰਾਹੀਂ ਹੱਲ ਨਹੀ ਹੋਵੇ, ਇਨ੍ਹਾਂ ਕੋਸ਼ਿਸ਼ਾਂ ਵਿੱਚ ਲਗਾਤਾਰ ਪੰਜਾਬ ਦੇ ਸੀਐਮ ਲੱਗੇ ਹੋਏ ਸਨ। ਹੁਣ ਜਦੋਂ ਕਿਸਾਨਾਂ ਵਲੋਂ ਕੇਂਦਰ ਦੇ ਨਵੇਂ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਤਾਂ ਸੀਐਮ ਮਾਨ ਦੀਆਂ ਕੋਸ਼ਿਸ਼ਾਂ ਵੀ ਸਫ਼ਲ ਹੋਈਆਂ ਹਨ। ਕਿਸਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਅਸਫਲ ਕਰਨ ਵਿਚ ਮੁੱਖ ਮੰਤਰੀ ਹੁਣ ਕਾਮਯਾਬ ਹੋ ਗਏ ਹਨ। ਪਰ, ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਭਗਵੰਤ ਮਾਨ ਨੂੰ ਕਿਸਾਨਾਂ ਦੇ ਵਕੀਲ ਹੋਣ ਦਾ ਵਕਾਲਤਨਾਮਾ ਕਿਸ ਨੇ ਦਿੱਤਾ, ਜਿਨ੍ਹਾਂ ਨੇ 5 ਮਿੰਟ ਵਿਚ ਐਮਐਸਪੀ ਦੇਣ ਦਾ ਨਾ ਤਾਂ ਵਾਅਦਾ ਨਿਭਾਇਆ ਅਤੇ ਨਾ ਹੀ ਕਿਸਾਨਾਂ ਨੂੰ ਸਮੇਂ ਸਿਰ ਮੁਆਵਜਾ ਦਿੱਤਾ।