ਚੰਡੀਗੜ੍ਹ, 22 ਮਈ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ, ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਮਹਾਨ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਨਿਆਂ ਅਤੇ ਸਾਡੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਮਨੁੱਖਤਾ ਦੇ ਪਰਿਪੇਖ ਵਿੱਚ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਹੀਦੀ ਦਿਹਾੜੇ ‘ਤੇ, ਆਓ ਅਸੀਂ ਉਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ, ਮਜ਼ਲੂਮਾਂ ਦੀ ਆਵਾਜ਼ ਬਣਨ ਅਤੇ ਬੇਇਨਸਾਫੀ ਵਿਰੁੱਧ ਡੱਟਣ ਦਾ ਅਹਿਦ ਲਈਏ । ਮਾਣਯੋਗ ਰਾਜਪਾਲ ਨੇ ਕਿਹਾ, “ਸਾਡੀ ਅਰਦਾਸ ਹੈ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਅਜਿਹੀ ਦੁਨੀਆਂ ਦੀ ਖੋਜ ਵੱਲ ਸੇਧ ਦਿੰਦੀਆਂ ਰਹਿਣ, ਜਿੱਥੇ ਪਿਆਰ, ਸ਼ਾਂਤੀ ਅਤੇ ਆਪਸੀ-ਬਰਾਬਰੀ ਦੀ ਫਿਜ਼ਾ ਮੌਜੂਦ ਹੋਵੇ”।