- ਅਕਾਲੀ ਦਲ ਨੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਰੱਦ ਕਰਨ ਦੀ ਕੀਤੀ ਨਿਖੇਧੀ
- ਕੈਨੇਡੀਅਨ ਅਧਿਕਾਰੀਆਂ ਵੱਲੋਂ ਹਵਾਈ ਅੱਡੇ ’ਤੇ ਰੋਕੇ ਗਏ ਆਪ ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਨੂੰ ਪੁਲਿਸ ਵੱਲੋਂ ਜਾਰੀ ਕਲੀਅਰੰਸ ਸਰਟੀਫਿਕੇਟ ਦੀ ਜਾਂਚ ਮੰਗੀ
ਚੰਡੀਗੜ੍ਹ, 23 ਜਨਵਰੀ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰਦੀ ਰਿਹਾਈ ਦੀ ਅਪੀਲ ਦਿੱਲੀ ਦੀ ਆਪ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਅਪੀਲ ਰੱਦ ਕਰਨ ਦੇ ਕਾਰਣ ਜਨਤਕ ਕੀਤੇ ਜਾਣ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਆਗੂ ਨੇ ਪੰਜਾਬ ਦੀ ਆਪ ਸਰਕਾਰ ਤੇ ਸ੍ਰੀ ਭਗਵੰਤ ਮਾਨ ਨੂੰ ਵੀ ਆਖਿਆ ਕਿ ਉਹ ਵੀ ਇਹ ਸਪਸ਼ਟ ਕਰਨ ਕਿ ਉਹ ਤਕਰੀਬਨ ਦੋ ਸਾਲ ਪਹਿਲਾਂ ਗੁਰਮੀਤ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਲਈ ਐਸ ਆਈ ਟੀ ਵੱਲੋਂ ਕੀਤੀ ਸਿਫਾਰਸ਼ ਨੂੰ ਦੱਬ ਕੇ ਕਿਉਂ ਬੈਠੇ ਹਨ ਤੇ ਉਸਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ। ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਸ੍ਰੀ ਕੇਜਰੀਵਾਲ ਅਤੇ ਸ੍ਰੀ ਭਗਵੰਤ ਮਾਨ ਹੁਣ ਰਲ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਪਿਛਲੇ 29 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਦੀ ਰਿਹਾਈ ਨਹੀਂ ਹੋਣ ਦੇ ਰਹੇ ਜਦੋਂ ਕਿ ਗੁਰਮੀਤ ਰਾਮ ਰਹੀਮ ਖਿਲਾਫ ਕਾਰਵਾਈ ਇਸ ਕਰ ਕੇ ਨਹੀਂ ਕਰ ਰਹੇ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਮੌਕੇ ਉਹ ਉਸਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪ੍ਰੋ. ਦਵਿੰਦਰਪਾਲ ਲਈ ਨਿਆਂ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਉਹਨਾਂ ਦੀ ਰਿਹਾਈ ਦੀ ਅਪੀਲ ਪਿਛਲੇ ਪੰਜ ਸਾਲਾਂ ਤੋਂ ਪੈਂਡਿੰਗ ਰੱਖ ਕੇ ਹੁਣ ਰੱਦ ਕਿਉਂ ਕੀਤੀ ਗਈ ਹੈ। ਇਹ ਪ੍ਰੋ. ਭੁੱਲਰ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਦੋਗਲੇ ਮਾਪਦੰਡ ਅਪਣਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰੀਕੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਬਦਫੈਲੀ ਦੇ ਦੋਸ਼ੀ ਸਾਬਕਾ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜਿਸਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਣਾ ਸੀ, ਲਈ ਪੁਲਿਸ ਕਲੀਅਰੰਸ ਸਰਟੀਫਿਕੇਟ ਹਾਸਲ ਕੀਤਾ ਹੈ, ਉਸਦੀ ਜਾਂਚ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸ੍ਰੀ ਸੰਦੋਆ ਨੂੰ ਕੈਨੇਡੀਅਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰੋਕਿਆ ਸੀ ਤੇ 7 ਘੰਟਿਆਂ ਤੱਕ ਬਦਫੈਲੀ ਦੇ ਮਾਮਲੇ ਵਿਚ ਪੁੱਛ-ਗਿੱਛ ਕੀਤੀ ਤੇ ਉਸ ਤੋਂ ਬਾਅਦ ਹੀ ਉਸਨੂੰ ਆਪ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ਵਿਚ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਕਾਹਲੀ ਵਿਚ ਸੰਦੋਆ ਨੂੰ ਪੀੜਤ ਨਾਲ ਹੋਏ ਕਥਿਤ ਸਮਝੌਤੇ ਦੇ ਆਧਾਰ ’ਤੇ ਕਲੀਅਰੰਸ ਸਰਟੀਫਿਕੇਟ ਜਾਰੀ ਕੀਤਾ ਗਿਆ ਜਦੋਂ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਅਜਿਹੇ ਘਿਨੌਣੇ ਅਪਰਾਧਾਂ ਦੇ ਮਾਮਲੇ ਵਿਚ ਸਮਝੌਤਿਆਂ ਦੀ ਪਰਵਾਹ ਨਾ ਕਰਦਿਆਂ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰੇ। ਸਰਦਾਰ ਮਜੀਠੀਆ ਨੈ ਕਿਹਾ ਕਿ ਕੇਸ ਦੀ ਮੈਡੀਕੋ ਲੀਗਲ ਰਿਪੋਰਟ ਵਿਚ ਸਪਸ਼ਟ ਸਬੂਤ ਹਨ ਜਿਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਸੰਦੋਆ ਨੇ ਬਦਫੈਲੀਕੀਤੀ ਸੀ। ਉਹਨਾਂ ਕਿਹਾ ਕਿ ਸੰਦੋਆ ਦੇ ਦਬਾਅ ਕਾਰਨ ਸਮਝੌਤਾ ਕੀਤਾ ਗਿਆ ਪਰ ਉਸ ਵਿਚ ਵੀ ਉਹਨਾਂ ਨੂੰ ਦੋਸ਼ੀ ਮੰਨਿਆ ਤੇ ਉਸਦੇ ਖਿਲਾਫ ਸੁਪਰੀਮ ਕੋਰਟ ਵੱਲੋਂ ਅਜਿਹੇ ਕੇਸਾਂ ਵਿਚ ਦਿੱਤੀਆਂ ਹਦਾਇਤਾਂ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਜਿਸ ਤਰੀਕੇ ਗ੍ਰਹਿ ਮੰਤਰੀ ਸ੍ਰੀ ਭਗਵੰਤ ਮਾਨ ਨੇ ਕੈਨੇਡਾ ਸਰਕਾਰ ਨੂੰ ਕੇਸ ਵਿਚ ਗੁੰਮਰਾਹ ਕੀਤਾ, ਉਸ ਤਰੀਕੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਗ੍ਰਹਿ ਮੰਤਰੀ ਨੇ ਸੰਦੋਆ ਨੂੰ ਕੇਸ ਵਿਚ ਕਲੀਨ ਚਿੱਟ ਦਿੱਤੀ ਉਹ ਇਹ ਦੱਸਦੀ ਹੈ ਕਿ ਸ੍ਰੀ ਭਗਵੰਤ ਮਾਨ ਕਿਸ ਤਰੀਕੇ ਨੈਤਿਕ ਹਨ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਪੁਲਿਸ ਕਲੀਅਰੰਸ ਸਰਟੀਫਿਕੇਟ ਤੁਰੰਤ ਵਾਪਸ ਲਏ ਜਾਣ ਅਤੇ ਸੰਦੋਆ ਖਿਲਾਫ ਬਦਫੈਲੀ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕੈਨੇਡੀਅਨ ਅੰਬੈਸੀ ਕੋਲ ਪਹੁੰਚ ਕਰੇਗਾ ਤੇ ਉਸਨੂੰ ਕੇਸ ਦੇ ਸਾਰੇ ਤੱਕਾਂ ਤੋਂ ਜਾਣੂ ਕਰਵਾਏਗਾ ਤੇ ਨਾਲ ਹੀ ਕੇਸ ਦੀ ਮੈਡੀਕੋ ਲੀਗਲ ਰਿਪੋਰਟ ਦੀ ਕਾਪੀ ਵੀ ਅੰਬੈਸੀ ਨੂੰ ਸੌਂਪੀ ਜਾਵੇਗੀ।