ਚੰਡੀਗੜ੍ਹ, 25 ਫਰਵਰੀ : ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਉਤੇ ਟਵੀਟ ਕਰਦੇ ਹੋਏ ਕਿਹਾ ਕਿ, ''ਉਸ ਨੇ ਪੰਜਾਬ ਸਬੰਧੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।'' ਉਸ ਨੇ ਲਿਖਿਆ ਕਿ, ''ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।''ਇਸ ਦੌਰਾਨ ਉਸ ਨੇ ਕਿਹਾ ਕਿ, ''ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ਉਪਰ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।'' ਇਸ ਦੌਰਾਨ ਉਸ ਨੇ ਕਿਹਾ ਕਿ, ''ਹੁਣ ਸਮਾਂ ਆ ਗਿਆ ਹੈ ਕਿ ਗ਼ੈਰ ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।'' ਕਾਬਿਲੇਗੌਰ ਹੈ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਸ ਉਪਰ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਹੋਈ ਸੀ। ਕਾਬਿਲੇਗੌਰ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅ੍ਰੰਮਿਤਪਾਲ ਸਿੰਘ ਨੇ ਸਮਰਥਕਾਂ ਸਮੇਤ ਪੁੱਜ ਕੇ ਅਜਨਾਲਾ ਥਾਣੇ ਉਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ ਅਤੇ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਮੰਨਦੇ ਹੋਏ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰ ਦਿੱਤਾ ਸੀ।