ਵਿਧਾਨ ਸਭਾ ਜਿਮਨੀ ਚੋਣਾਂ ਵਿੱਚ 4 ਵਿੱਚੋਂ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕੀਤਾ ਕਬਜਾ

  • ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕ-ਦੂਜੇ ਦੇ ਗੜ੍ਹਾਂ ‘ਚ ਲਾਈ ਸੰਨ੍ਹ
  • ਕਾਂਗਰਸ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਆਪਣੀਆਂ ਪਤਨੀਆਂ ਨੂੰ ਜਿਤਾਉਣ ਵਿੱਚ ਹੋਏ ਨਾਕਾਮ

ਚੰਡੀਗੜ੍ਹ, 23 ਨਵੰਬਰ 2024 : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੱਡਾ ਉਲਟਫੇਰ ਹੋਇਆ ਹੈ। ਆਪ ਦੇ MP ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਵਿੱਚ ਜਾਣ ਨਾਲ ਖਾਲੀ ਹੋਈ ਬਰਨਾਲਾ ਸੀਟ ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇੱਥੋਂ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ  ਮਾਤ ਦਿੱਤੀ। ਦੱਸ ਦਈਏ ਕਿ ਬਰਨਾਲਾ ਤੋਂ ਮੀਤ ਹੇਅਰ ਲਗਾਤਾਰ ਦੋ ਵਾਰ 2017 ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਜਿੱਤਦੇ ਰਹੇ ਹਨ। ਇਸ ਲਈ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਇਸ ਸੀਟ ਨੂੰ ‘ਆਪ‘ ਦਾ ਸੁਰੱਖਿਅਤ ਗੜ੍ਹ ਮੰਨਿਆ ਜਾ ਰਿਹਾ ਸੀ, ਪਰ ਅੱਜ ਆਏ ਨਤੀਜਿਆਂ ਵਿੱਚ ਵੋਟਰਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੀਟ ਤੋਂ ਲਾਹ ਕੇ ਵਿਰੋਧੀ ਧਿਰ ਕਾਂਗਰਸ ਪ੍ਰਤੀ ਭਰੋਸਾ ਜਤਾਇਆ ਹੈ। ਇਸ ਤੋਂ ਇਲਾਵਾ ਗਿੱਦੜਵਾਹਾ ਅਤੇ ਡੇਰਾ ਬਾਬਾ ਨਾਨਕ ਜਿੱਥੋਂ ਕ੍ਰਮਵਾਰ ਦੋ ਕਾਂਗਰਸੀ ਦਿੱਗਜ਼ਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਪਤਨੀਆਂ ਨੂੰ ਕਾਂਗਰਸ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ ਸੀ, ਨੂੰ ਆਮ ਆਦਮੀ ਪਾਰਟੀ ਹੱਥੋਂ ਨਮੋਸ਼ੀ ਝੱਲਣੀ ਪਈ ਹੈ। ਇਸ ਤੋਂ ਇਲਾਵਾ ਚੱਬੇਵਾਲ ਸੀਟ ਤੋਂ ਇੱਥੋਂ ਦੇ ਵੋਟਰਾਂ ਨੇ ਰਾਜਕੁਮਾਰ ਚੱਬੇਵਾਲ ਤੇ ਇੱਕ ਵਾਰ ਫਿਰ ਭਰੋਸਾ ਜਤਾਉਂਦਿਆਂ ਉਹਨਾਂ ਦੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਚੁਣਿਆ ਹੈ।