- ਲੋਕਾਂ ਦੇ ਸਾਥ ਨਾਲ ਪੰਜਾਬ ਨਸ਼ਿਆਂ ਦੀ ਜੰਗ ਵਿਚੋਂ ਵੀ ਜੇਤੂ ਹੋ ਕੇ ਨਿਕਲੇਗਾ : ਰਾਜਪਾਲ ਪੰਜਾਬ
- ਰਾਜਪਾਲ ਪੰਜਾਬ ਨੜਾਂਵਾਲੀ ਵਿਖੇ ਸਰਹੱਦੀ ਖੇਤਰ ਦੇ ਮੋਹਤਬਰਾਂ ਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਰੂ-ਬ-ਰੂ ਹੋਏ
- ਰਾਜਪਾਲ ਪੰਜਾਬ ਤੇ ਮੁੱਖ ਸਕੱਤਰ ਵੱਲੋਂ ਵਿਰਸਾ ਗੁਰਦਾਸਪੁਰ ਕਾਫੀ ਟੇਬਲ ਬੁੱਕ ਲੋਕ ਅਰਪਣ
- ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ
ਗੁਰਦਾਸਪੁਰ, 13 ਅਕਤੂਬਰ : ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸੂਬੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੂਬੇ ਵਿਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਰਕਾਰ ਅਤੇ ਸੁਰੱਖਿਆ ਫੋਰਸਾਂ ਦਾ ਮੋਹਰੀ ਹੋ ਕੇ ਸਾਥ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਥ ਨਾਲ ਪੰਜਾਬ ਇਸ ਜੰਗ ਵਿਚੋਂ ਵੀ ਜੇਤੂ ਹੋ ਕੇ ਨਿਕਲੇਗਾ ਅਤੇ ਪੰਜਾਬ ਦੇ ਬਹਾਦਰ ਲੋਕ ਦੇਸ਼ ਦੀਆਂ ਦੁਸ਼ਮਣ ਤਾਕਤਾਂ ਨੂੰ ਇੱਕ ਵਾਰ ਫਿਰ ਮੂੰਹ-ਤੋੜਵਾਂ ਜਵਾਬ ਦੇਣਗੇ। ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਕਲਾਨੌਰ ਨੇੜਲੇ ਪਿੰਡ ਨੜਾਂਵਾਲੀ ਵਿਖੇ ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਰੂ-ਬ-ਰੂ ਹੋ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ, ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਏ.ਸੀ.ਐੱਸ. ਟੂ ਗਵਰਨਰ ਸ੍ਰੀ ਕੇ ਸ਼ਿਵਾ ਪ੍ਰਸ਼ਾਦ, ਪ੍ਰਿੰਸੀਪਲ ਸਕੱਤਰ ਫਾਇਨਾਂਸ ਸ੍ਰੀ ਅਜੋਏ ਸਿਨਹਾ, ਸ੍ਰੀ ਨਰਿੰਦਰ ਭਾਰਗਵ ਡੀ.ਆਈ.ਜੀ ਬਾਰਡਰ ਰੇਂਜ, ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਹਰੀਸ਼ ਓਮ ਪ੍ਰਕਾਸ਼ ਦਾਯਮਾ ਐੱਸ.ਐੱਸ.ਪੀ. ਗੁਰਦਾਸਪੁਰ ਅਤੇ ਮੈਡਮ ਅਸ਼ਵਨੀ ਗੋਟਿਆਲ ਐੱਸ.ਐੱਸ.ਪੀ. ਬਟਾਲਾ ਵੀ ਮੌਜੂਦ ਸਨ। ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਗੁਆਂਢੀ ਮੁਲਕ ਸਾਨੂੰ ਕਮਜ਼ੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ ਪਰ ਪਾਕਿਸਤਾਨ ਦੇ ਇਨ੍ਹਾਂ ਨਾ-ਪਾਕ ਇਰਾਦਿਆਂ ਨੂੰ ਕਦੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਦੁਸ਼ਮਣ ਦੇਸ਼ ਦੀ ਕੋਝੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹੁਣ ਇਹ ਸੱਚ ਸਵਿਕਾਰ ਕਰ ਲਿਆ ਹੈ ਕਿ ਉਹ ਭਾਰਤ ਨਾਲ ਸਿੱਧੀ ਜੰਗ ਨਹੀਂ ਲੜ੍ਹ ਸਕਦਾ, ਇਸ ਲਈ ਉਸ ਵੱਲੋਂ ਨਸ਼ੇ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਵੀ ਸਰਕਾਰ ਅਤੇ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਚੱਲਣ ਤਾਂ ਅਸੀਂ ਬੜੀ ਅਸਾਨੀ ਨਾਲ ਇਸ ਲੁਕਵੇਂ ਯੁੱਧ ਵਿਚ ਪਾਕਿਸਤਾਨ ਨੂੰ ਹਰਾ ਸਕਦੇ ਹਾਂ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਵਿਚ ਜ਼ੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸਦਾ ਇਲਾਜ ਕਰਵਾਓ ਅਤੇ ਜ਼ੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸਦੀ ਇਤਲਾਹ ਪੁਲਿਸ ਨੂੰ ਦਿਓ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਸੂਚਨਾ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਸਰਹੱਦੀ ਪਿੰਡਾਂ ਵਿਚ ਬਣੀਆਂ ਡਿਫੈਂਸ ਕਮੇਟੀਆਂ ਵੀ ਜ਼ੇਕਰ ਮੁਸਤੈਦ ਹੋ ਜਾਣ ਤਾਂ ਸਮਾਜ ਦੇ ਦੁਸਮਣਾਂ ਦੀ ਪਹਿਚਾਣ ਸਹਿਜੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾਂ ਨੂੰ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਪੰਜਾਬ ਦੇ ਅਮੀਰ ਵਿਰਸੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਵੀ ਯਾਦ ਕੀਤਾ। ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਦੀ ਰੋਕਥਾਮ ਅਤੇ ਕੀਤੇ ਜਾ ਰਹੇ ਹੋਰ ਭਲਾਈ ਕਾਰਜਾਂ ਲਈ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਰਾਜਪਾਲ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਰਸੇ ਨੂੰ ਦਰਸਾਉਂਦੀ ਕਾਫੀ ਟੇਬਲ ਬੁੱਕ ‘ਵਿਰਸਾ ਗੁਰਦਾਸਪੁਰ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਚੌੜਾ ਕਲਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ, ਦਲੇਰ ਸਿੰਘ ਅਤੇ ਮਨਜੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਨਸ਼ਾ ਤਸਕਰ ਨੂੰ ਫੜਨ ਅਤੇ ਉਸ ਕੋਲੋਂ 12 ਕਿਲੋ 800 ਗ੍ਰਾਂਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਪੁਲਿਸ ਤੇ ਬੀ.ਐੱਸ.ਐੱਫ ਨੂੰ ਸਹਿਯੋਗ ਦਿੱਤਾ ਸੀ। ਇਸ ਤੋਂ ਪਹਿਲਾਂ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰਹਿਤ ਨੇ ਅਧਿਕਾਰੀਆਂ ਦੇ ਨਾਲ ਸਰਕਾਰੀ ਹਾਈ ਸਕੂਲ ਨੜਾਂਵਾਲੀ ਵਿਖੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮਿਸ਼ਨ ਅਬਾਦ ਕੈਂਪ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਹਰ ਸਟਾਲ ੳੁੱਪਰ ਜਾ ਕੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ ਲਾਭਪਾਤਰੀਆਂ ਨੂੰ ਲਈਆਂ ਸੇਵਾਵਾਂ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ ਵੱਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸਮਾਗਮ ਵਿਚ ਪੁੱਜਣ ਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿਸ਼ਵਾਸ਼ ਦੁਆਇਆ ਕਿ ਪ੍ਰਸ਼ਾਸਨ ਉਨ੍ਹਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸਾਂ ਅਨੁਸਾਰ ਨਸ਼ਿਆਂ ਦੇ ਖ਼ਾਤਮੇ, ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਅਮਨ ਸਾਂਤੀ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਾਣਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਮਾਗਮ ਵਿਚ ਆਏ ਰਾਜਪਾਲ ਪੰਜਾਬ ਅਤੇ ਹੋਰ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਣਯੋਗ ਰਾਜਪਾਲ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰੇਗਾ। ਉਨ੍ਹਾਂ ਕਿਹਾ ਕਿ ਜਿਹੜੀ ਵਿਲੇਜ ਡਿਫੈਂਸ ਕਮੇਟੀ ਵਧੀਆ ਕੰਮ ਕਰੇਗੀ ਉਸਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੋਲ ਫਰੀ ਨੰਬਰ 1800-180-1852 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ. (ਜ) ਸ੍ਰੀ ਸੁਭਾਸ਼ ਚੰਦਰ, ਏ.ਡੀ.ਸੀ. (ਡੀ) ਸ. ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਅਰਵਿੰਦ ਕੁਮਾਰ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ ਬਾਜਵਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।