ਗੁਰੂਹਰਸਹਾਏ, 01 ਫਰਵਰੀ : ਗੁਰੂਹਰਸਹਾਏ ਦੇ ਝੰਡੂ ਵਾਲਾ ‘ਚ ਵਾਪਰੇ ਇੱਕ ਹਾਦਸੇ ਵਿੱਚ ਦੋ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ‘ਚ ਇੱਕ ਔਰਤ ਅਤੇ ਇੱਕ ਮਾਸੂਮ ਬੱਚੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦੇ ਪਿਤਾ ਹਰਦੀਪ ਸਿੰਘ ਦੀ ਮੌਤ 29 ਜਨਵਰੀ ਨੂੰ ਹੋਈ। ਮਿਤੀ 30 ਜਨਵਰੀ ਨੂੰ ਸਸਕਾਰ ਤੋਂ ਬਾਅਦ ਉਸ ਦੀ ਭੈਣ ਸੁਖਜੀਤ ਕੌਰ, ਉਸ ਦਾ ਪਤੀ ਗੁਰਮੀਤ ਸਿੰਘ, ਗੁਰਮੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਪਤਨੀ ਸ਼ਿੰਗਾਰਾ ਸਿੰਘ, ਭਾਣਜੀ ਨਿਮਰਤ ਕੌਰ ਪੁੱਤਰੀ ਗੁਰਜੀਤ ਸਿੰਘ ਆਪਣੀ ਕਾਰ ਤੇ ਪਿੰਡ ਝੰਡੂ ਵਾਲਾ ਪਾਸ ਪੁੱਜੇ ਤਾਂ ਬੱਬਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਕਾਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਹਾਦਸੇ ਵਿਚ ਉਸ ਦੀ ਭੈਣ ਸੁਖਜੀਤ ਕੌਰ ਤੇ ਭਾਣਜੀ ਨਿਮਰਤ ਕੌਰ ਦੀ ਮੌਤ ਹੋ ਗਈ ਤੇ ਕਾਰ ਨੁਕਸਾਨੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।