ਸ੍ਰੀ ਹਰਗੋਬਿੰਦਪੁਰ ਸਾਹਿਬ ‘ਚ ਇੱਟਾਂ ਥੱਲੇ ਆਉਣ ਕਾਰਨ ਦੋ ਬੱਚਿਆਂ ਦੀ ਮੌਤ

ਬਟਾਲਾ, 06 ਦਸੰਬਰ 2024 : ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਗਾਲੋਵਾਲ ‘ਚ ਇੱਕ ਇੱਟਾਂ ਦੇ ਭੱਠੇ ਤੇ ਵਾਪਰੀ ਇੱਕ ਘਟਨਾਂ ਵਿੱਚ ਦੋ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਜੋ ਭੱਠੇ ਤੇ ਕੰਮ ਕਰਦਾ ਸੀ ਦੇ ਬੱਚਿਆਂ ਤੇ ਕੱਚੀਆਂ ਇੱਟਾਂ ਦੀ ਲਗਾਈ ਵਾਰ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲੜਕਾ ਗੋਪੀ (12) ਅਤੇ ਲੜਕੀ ਸਾਂਤੀ (6) ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਬੱਚਿਆਂ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਉਹ ਇੱਟਾਂ ਦੇ ਭੱਠੇ 'ਤੇ ਗਾਲੋਵਾਲ ‘ਚ ਕੰਮ ਕਰਦੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਜਦ ਭੱਠੇ ਤੇ ਕੰਮ ਕਰ ਰਹੇ ਸਨ ਤਾਂ ਪਾਣੀ ਪੀਣ ਲਈ ਬਾਹਰ ਆਏ ਤਾਂ ਭੱਠੇ ਤੇ ਕੱਚੀਆਂ ਇੱਟਾਂ ਦੀ ਲਗਾਈ ਦੀ ਵਾਰ ਡਿੱਗ ਪਈ ਜਿਸ ਨਾਲ ਉਹਨਾਂ ਦੇ ਦੋਵੇਂ ਬੱਚੇ ਹੇਠਾਂ ਆ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਕੁਝ ਹੋਰ ਵੀ ਮਜ਼ਦੂਰ ਬੜੀ ਮੁਸ਼ਕਿਲ ਬਚੇ ਹਨ। ਇੱਟਾਂ ਥੱਲੇ ਆਉਣ ਕਾਰਨ ਲੜਕੇ ਗੋਪੀ ਤੇ ਲੜਕੀ ਸ਼ਾਂਤੀ ਦੀ ਮੌਤ ਹੋ ਗਈ। ਉਕਤ ਘਟਨਾ ਸਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਕਾਰਵਾਈ ਕਰ ਰਹੀ ਹੈ ।