ਚੰਡੀਗੜ੍ਹ, 16 ਸਤੰਬਰ 2024 : ਅੱਜ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀ ਆਈਜੀ ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਵੱਲੋਂ ਪੰਜਾਬ ਦੇ ਗੈਂਗਸਟਰਾਂ ਨੂੰ ਲੈਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਸੁਖਚੈਨ ਸਿੰਘ ਗਿੱਲ ਨੇ ਪਿਛਲੇ ਢਾਈ ਸਾਲਾਂ ਦੌਰਾਨ ਨਸ਼ਿਆ ਦੀ ਰਿਕਵਰੀ ਅਤੇ ਗੈਂਗਸਟਰਾਂ ਉੱਤੇ ਕੀਤੀ ਕਾਰਵਾਈ ਦੇ ਵੇਰਵੇ ਦਿੱਤੇ। ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਢਾਈ ਸਾਲਾਂ ਵਿੱਚ ਡਰੱਗ ਕੇਸਾਂ 'ਚ 29152 ਐੱਫਆਈਆਰ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ 3581 ਕਮਰਸ਼ੀਅਲ ਮਾਮਲੇ ਦਰਜ ਕੀਤੇ ਹਨ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਹਨ। ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ 10 ਕਰੋੜ, 32 ਲੱਖ, 92 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਗੈਂਗਸਟਰਾਂ ਦੀ 191 ਕਰੋੜ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੈਂਗਸਟਰਾਂ ਉੱਤੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ 365 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਮੇਂ ਦੌਰਾਨ 2546 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਮਿਲ ਕੇ 150 ਦੇ ਕਰੀਬ ਡਰੋਨ ਬਰਾਮਦ ਕੀਤੇ। ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਅਤੇ ਗੈਂਗਸਟਰਾਂ ਦੇ ਖ਼ਾਤਮੇ ਲਈ ਪੁਲਿਸ ਆਪਣਾ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਜੇਕਰ ਕੋਈ ਵੀ ਨਸ਼ਾ ਤਸਕਰ ਦਾ ਪਤਾ ਲੱਗਦਾ ਹੈ ਤਾਂ ਤਰੁੰਤ ਪੁਲਿਸ ਨਾਲ ਸੰਪਰਕ ਕਰੋ।