ਚੰਡੀਗੜ੍ਹ, 5 ਸਤੰਬਰ : ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗਠਜੋੜ ਨਹੀਂ ਹੋਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਆਉਂਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜੇਗੀ। ਪ੍ਰਧਾਨ ਵੜਿੰਗ ਨੇ ਕਿਹਾ ਕਿ ਹਾਈਕਮਾਂਡ ਵੱਲੋਂ ਵੀ ਉਨ੍ਹਾਂ ਨੂੰ ਇਹੀ ਕਿਹਾ ਗਿਆ ਹੈ ਕਿ 13 ਸੀਟਾਂ ਤੇ ਚੋਣ ਲੜਨ ਲਈ ਤਿਆਰੀ ਕਰੋ। ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਵਾਰ ਵਾਰ ਸਵਾਲ ਪੁੱਛ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਇਲਾਇੰਸ ਡੈਮੋਕ੍ਰਸੀ ਨੂੰ ਬਚਾਉਣ ਲਈ ਹੈ, ਜੋ ਲੋਕ ਇਸ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦੇ ਚੋਣ ਨਿਸ਼ਾਨ ਤੇ ਝੰਡੇ ਅਲੱਗ ਅਲੱਗ ਹਨ। ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਮੋਦੀ ਜੀ ਨੂੰ ਜਾਣਾ ਚਾਹੀਦੀ ਹੈ। ਪੰਜਾਬ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਕਾਂਗਰਸ ਲੜਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਤੇ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਲਗਾਤਾਰ ਚੁੱਕ ਰਹੇ ਹਾਂ। ਪੰਜਾਬ ਸਰਕਾਰ ਖਿਲਾਫ ਅਸੀਂ ਕਈ ਧਰਨੇ ਲਾਏ ਹਨ। ਮੇਰੇ ਕਹਿਣ ਦਾ ਮਤਲਬ ਸਪਸ਼ਟ ਹੈ। ਜਦੋਂ ਮੋਦੀ ਖਿਲਾਫ ਲੜਾਈ ਹੈ ਤਾਂ ਅਸੀਂ ਇਕੱਠੇ ਹਾਂ। ਉੱਧਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਕਾਂਗਰਸੀ ਲੀਡਰ ਮੁਹੰਮਦ ਸਦੀਕ ਨੇ ਕਿਹਾ ਹੈ ਕਿ ਇਹ ਫੈਸਲਾ ਹਾਈਕਮਾਂਡ ਨੇ ਲਿਆ ਹੈ। ਇਹ ਠੀਕ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਤੇ ਹੁਣ ਵੀ ਕਰਾਂਗੇ। ਅਸੀਂ ਅਨੁਸ਼ਾਸਨ ਵਿੱਚ ਰਹਿਣ ਵਾਲੇ ਵਰਕਰ ਹਾਂ। ਹਾਈਕਮਾਂਡ ਜੋ ਵੀ ਫੈਸਲਾ ਕਰਦੀ ਹੈ, ਅਸੀਂ ਉਸ ਦੀ ਪਾਲਣਾ ਕਰਦੇ ਹਾਂ। ਹਾਈਕਮਾਂਡ ਨੇ ਇਹ ਫੈਸਲਾ ਲੋਕਾਂ ਦੀ ਰਾਏ ਲੈ ਕੇ ਹੀ ਲਿਆ ਹੋਵੇਗਾ। ਜੋ ਵਿਰੋਧੀ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਕੰਮ ਕਰ ਰਿਹਾ ਹੈ ਤੇ ਸੰਵਿਧਾਨ ਨੂੰ ਨਸ਼ਟ ਕਰਨਾ ਚਾਹੁੰਦਾ ਹੈ, ਉਸ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ।