ਚੰਡੀਗੜ੍ਹ : ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਦਾ ਕੰਮ ਸਿਰਫ ਤਿੰਨ ਜਿਲ੍ਹਾ ਭਲਾਈ ਅਫਸਰਾਂ ਉੱਤੇ ਛੱਡ ਦਿੱਤਾ ਗਿਆ ਹੈ ਅਤੇ ਜਿਲ੍ਹਾ ਭਲਾਈ ਅਫਸਰਾਂ ਦੀਆਂ 22 ਆਸਾਮੀਆਂ ਨੂੰ ਭਰਨ ਦੀ ਪ੍ਰਾਥਮਿਕਤਾ ਨੂੰ ਕਾਫੀ ਸਮੇਂ ਤੋਂ ਅਣਗੌਲਿਆ ਕੀਤਾ ਹੋਇਆ ਹੈ, ਜਿਸ ਦੇ ਨਤੀਜੇ ਵੱਜੋਂ ਤਿੰਨ ਲੱਖ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਪਰਿਵਾਰਾਂ ਨੂੰ ਰਾਜ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨ ਹਥਿਆਰਬੰਦ ਸੈਨਾਵਾਂ ਵਿੱਚ ਆਪਣੀ ਭਰਤੀ ਲਈ ਵਿਸ਼ੇਸ਼ ਮਾਰਗ ਦਰਸ਼ਨ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ ਹਨ। ਸਾਡੇ ਰਾਜ ਨੇ ਰਾਸ਼ਟਰੀ ਸੁਰੱਖਿਆ ਦੀ ਘੜੀ ਵਿੱਚ ਆਪਣੇ ਨੌਜਵਾਨਾਂ ਦੀ ਬਹਾਦਰੀ ਲਈ ਹਮੇਸ਼ਾ ਮਾਣ ਦਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਰੁਜ਼ਗਾਰਯੋਗ ਪੇਂਡੂ ਨੌਜਵਾਨਾਂ ਵਿੱਚ ਆਪਣੇ ਕੈਰੀਅਰ ਦੇ ਵਾਧੇ ਲਈ ਢੁਕਵੇਂ ਮੌਕੇ ਨਾ ਹੋਣ ਕਰਕੇ ਬੇਚੈਨੀ ਵਧ ਰਹੀ ਹੈ। ਇਸ ਲਈ ਮੈਂ ਬੇਨਤੀ ਕਰਾਂਗਾ ਕਿ 2020 ਤੋਂ ਜਿਲ੍ਹਾ ਸੈਨਿਕ ਭਲਾਈ ਅਫਸਰਾਂ ਦੀਆਂ ਆਸਾਮੀਆਂ ਨੂੰ ਭਰਨ ਦੀ ਹੌਲੀ ਚੱਲ ਰਹੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਇਸ ਮਾਮਲੇ ਵਿੱਚ ਦਖਲ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ, ਜਿਸ ਨਾਲ ਨਾ ਸਿਰਫ ਹਥਿਆਰਬੰਦ ਬਲਾਂ ਦੇ 22 ਸੇਵਾਮੁਕਤ ਅਧਿਕਾਰੀਆਂ ਦੀਆਂ ਮਾਹਰ ਸੇਵਾਵਾਂ ਦੀ ਵਰਤੋਂ ਨਾਲ ਮੱਦਦ ਮਿਲੇਗੀ, ਬਲਕਿ ਸਾਬਕਾ ਸੈਨਿਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੀ ਲੋੜੀਂਦੀਆਂ ਸੇਵਾਵਾਂ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੇਗੀ।