ਚੰਡੀਗੜ੍ਹ, 29 ਦਸੰਬਰ : ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨਾਲ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਮੀਟਿੰਗ ਕਰਕੇ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਅਨੁਸਾਰ ਇਹ ਇੱਕ ਸਿਸ਼ਟਾਚਾਰ ਮੀਟਿੰਗ ਸੀ ਜਿਸ ਵਿੱਚ ਸੰਧਵਾਂ ਨੇ ਬਿਹਾਰ ਵਿੱਚ ਵੱਸਦੇ ਪੰਜਾਬੀਆਂ ਦੇ ਵਿਭਿੰਨ ਮੁੱਦਿਆਂ ਬਾਰੇ ਨਿਤੀਸ਼ ਕੁਮਾਰ ਨਾਲ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਖੇਤੀ, ਡੇਅਰੀ ਫਰਮਿੰਗ, ਸੱਭਿਆਚਾਰ, ਖੇਡਾਂ, ਵਿਗਿਆਨ, ਤਕਨੋਲੋਜੀ ਆਦਿ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਿਤੀਸ਼ ਕੁਮਾਰ ਨਾਲ ਚਰਚਾ ਬਹੁਤ ਵਧੀਆਂ ਰਹੀ ਤੇ ਉਨ੍ਹਾਂ ਨੂੰ ਬਿਹਾਰ ਵਿੱਚ ਵੱਸਦੇ ਪੰਜਾਬੀਆਂ ਬਾਰੇ ਕਈ ਕੁਝ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਪਟਨਾ ਵਿਖੇ ਪਹੁੰਚ ਕੇ ਸੰਧਵਾਂ ਤਖਤ ਪਟਨਾ ਸਾਹਿਬ ਵਿਖੇ ਨਤਮਸਤਿਕ ਹੋਏ ਤੇ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਚੰਗੇ ਜੀਵਨ ਦੇ ਨਿਰਮਾਣ ਵਾਸਤੇ ਲੋਕਾਂ ਨੂੰ ਸ੍ਰੀ ਗਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਤਖਤ ਪਟਨਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਅੱਜ ਅਸੀਂ ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੇ ਰਹਿਣ ਲਈ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਇਸ ਧਰਤੀ ਨਾਲ ਇਤਿਹਾਸ ਜੁੜਿਆ ਹੋਇਆ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਲੋਕ ਪਟਨਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਦਾ ਸਵਾਗਤ ਕਰਦੇ ਹਨ। ਪੂਰੇ ਬਿਹਾਰ ਦੇ ਲੋਕ ਸਿੱਖ ਸੰਗਤ ਦੇ ਸਵਾਗਤ ਲਈ ਤਿਆਰ ਬਰ ਤਿਆਰ ਹਨ।