ਸੰਗਰੂਰ : ਸੰਗਰੂਰ ਵਾਸੀਆਂ ਨੂੰ ਸ਼ੁੱਧ ਅਤੇ ਆਰਗੈਨਿਕ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਥਾਨਕ ਬਨਾਸਰ ਬਾਗ ’ਚ ਹਰ ਐਤਵਾਰ ‘ਪਹਿਲ ਮੰਡੀ’ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਨਾਸਰ ਬਾਗ ’ਚ ‘ਪਹਿਲ ਮੰਡੀ’ ਦੀ ਸ਼ੁਰੂਆਤ ਇਸ ਐਤਵਾਰ ਮਿਤੀ 25 ਸਤੰਬਰ ਨੂੰ ਸਵੇਰੇ 10 ਵਜੇ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਇਹ ਮੰਡੀ ਹਰ ਐਤਵਾਰ ਨੂੰ ਇਸੇ ਸਥਾਨ ’ਤੇ ਲੱਗੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪਹਿਲ ਮੰਡੀ’ ’ਚ ਆਰਗੈਨਿਕ ਪਾਪੜ, ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਆਚਾਰ, ਮੁਰੱਬੇ ਅਤੇ ਸ਼ਹਿਦ ਵਰਗੇ ਸ਼ੁੱਧ ਅਤੇ ਕੁਦਰਤੀ ਖਾਦ ਪਦਾਰਥ ਉਪਲਬਧ ਹੋਣਗੇ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਮੰਡੀ ’ਚ ਪੰਜਾਬੀ ਵਿਰਸੇ ਨਾਲ ਸਬੰਧਤ ਵਸਤੂਆਂ ਜਿਵੇਂ ਦਰੀਆਂ ਆਦਿ ਵੀ ਵੇਚੀਆਂ ਤੇ ਖਰੀਦੀਆਂ ਜਾ ਸਕਣਗੀਆਂ। ਉਨਾਂ ਦੱਸਿਆ ਕਿ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਹੋਣਗੇ ਜਿਸ ਨਾਲ ਇਨਾਂ ਦੀ ਉੱਚ ਗੁਣਵੱਤਾ ਦਾ ਭਰੋਸਾ ਹੋਵੇਗਾ।