ਜੀਰਾ, 16 ਫ਼ਰਵਰੀ : ਫ਼ਿਰੋਜ਼ਪੁਰ ਦੇ ਨੈਸ਼ਨਲ ਹਾਈਵੇਅ 54 ’ਤੇ ਜੀਰਾ ਤੋਂ ਮੱਖੂ ਵੱਲ ਆ ਰਹੀ ਸਵਿਫ਼ਟ ਕਾਰ ਪਿੰਡ ਖਡੂਰ ’ਚ ਸਥਿਤ ਮੈਰਿਜ ਪੈਲੇਸ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ, ਸੂਚਨਾ ਮਿਲਦੇ ਹੀ ਥਾਣਾ ਮੱਖੂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਮੱਖੂ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ 54 ਨੈਸ਼ਨਲ ਹਾਈਵੇ ’ਤੇ ਜੀਰਾ ਤੋਂ ਮੱਖੂ ਵੱਲ ਆ ਰਹੀ ਸੀ, ਜਿਵੇਂ ਹੀ ਇਹ ਪਿੰਡ ਖਡੂਰ ’ਚ ਸਥਿਤ ਮੈਰਿਜ ਪੈਲੇਸ ਨੇੜੇ ਪਹੁੰਚੀ ਤਾਂ ਅਚਾਨਕ ਸਵਿਫਟ ਕਾਰ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਸਵਾਰਾਂ ਵਿੱਚ ਜੁਗਰਾਜ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਧੋਬਾ ਅੰਮ੍ਰਿਤਸਰ, ਗੁਰਕੀਰਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਛੋਟੇਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਵੰਸ਼ਦੀਪ ਪੁੱਤਰ ਜਤਿੰਦਰ ਕੁਮਾਰ ਵਾਸੀ ਮੁਹੱਲਾ ਪੱਟੀ ਜ਼ਿਲ੍ਹਾ ਗੁਰਦਾਸਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਰਸ਼ਦੀਪ ਚੰਦ ਪੁੱਤਰ ਜਸਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਗੁਰਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ ਅਤੇ ਜੋਬਨ ਵਾਸੀ ਪਠਾਨਕੋਟ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੱਖੂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੌਜਵਾਨ ਨੂੰ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ। ਦੂਜੇ ਪਾਸੇ ਇਹ ਵੀ ਦੱਸਿਆ ਗਿਆ ਹੈ ਕਿ ਗੁਰਕੀਰਤ, ਜੁਗਰਾਜ, ਵੰਸ਼ਦੀਪ, ਅਰਸ਼ਦੀਪ ਚੰਦ ਗੁਰਮਨ, ਜੋਬਨ ਆਪਣੀ ਸਵਿਫਟ ਕਾਰ ਵਿੱਚ ਵੈਟਰਨਰੀ ਪੋਲੀਟੈਕਨਿਕ ਕਾਲਜ ਕਾਲਝਰਾਣੀ ਬਠਿੰਡਾ ਵਿਖੇ ਪੇਪਰ ਦੇ ਕੇ ਵਾਪਸ ਆ ਰਹੇ ਸਨ। ਰਸਤੇ 'ਚ ਉਨ੍ਹਾਂ ਨੇ ਪੈਟਰੋਲ ਪੰਪ ਤੋਂ ਤੇਲ ਭਰਵਾਇਆ ਅਤੇ ਜਿਵੇਂ ਹੀ ਉਹ ਬਠਿੰਡਾ ਅੰਮ੍ਰਿਤਸਰ ਹਾਈਵੇ 'ਤੇ ਚੜ੍ਹੇ ਤਾਂ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਪਿੰਡ ਖਡੂਰ ਸਥਿਤ ਪੈਲੇਸ ਦੀ ਕੰਧ ਨਾਲ ਟਕਰਾ ਕੇ ਪਲਟ ਗਈ। ਇਸ ਅਚਾਨਕ ਹੋਏ ਹਾਦਸੇ ਵਿੱਚ ਗੁਰਕੀਰਤ, ਜੁਗਰਾਜ, ਵੰਸ਼ਦੀਪ ਅਤੇ ਅਰਸ਼ਦੀਪ ਦੀ ਮੌਤ ਹੋ ਗਈ। ਗੁਰਮਨ ਅਤੇ ਜੋਬਨ ਗੰਭੀਰ ਜ਼ਖ਼ਮੀ ਹੋ ਗਏ, ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਜਿਥੇ ਇਕ ਹੋਰ ਨੌਜਵਾਨ ਨੇ ਦਮ ਤੋੜ ਦਿਤਾ।