ਜਲੰਧਰ, 7 ਜਨਵਰੀ, 2025 : ਜਲੰਧਰ ਵਿੱਚ ਸ਼ਰਾਬੀ ਨੌਜਵਾਨ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਬੇਟੇ ਨੂੰ ਲਹੂ-ਲੁਹਾਨ ਦੇਖ ਕੇ ਮਾਂ ਬੇਹੋਸ਼ ਹੋ ਗਈ। ਬਾਅਦ ਵਿਚ ਮਾਂ-ਪੁੱਤ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਵੇਸ਼ ਕੁਮਾਰ ਉਰਫ ਗੱਗੀ ਪੁੱਤਰ ਰਾਮ ਲੁਭਿਆ ਅਤੇ ਉਸ ਦੀ ਮਾਤਾ ਸ਼ਾਰਦਾ ਵਾਸੀ ਸ਼ੀਤਲ ਨਗਰ, ਜਲੰਧਰ ਵਜੋਂ ਹੋਈ ਹੈ। ਇਲਾਕੇ ਦੇ ਲੋਕਾਂ ਅਨੁਸਾਰ ਪ੍ਰਵੇਸ਼ ਕੁਮਾਰ ਜਦੋਂ ਡਿੱਗਿਆ ਤਾਂ ਉਹ ਨਸ਼ੇ ਵਿੱਚ ਸੀ। ਸੋਮਵਾਰ ਦੇਰ ਸ਼ਾਮ ਪ੍ਰਵੇਸ਼ ਕੁਮਾਰ ਉਰਫ ਗੱਗੀ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਨਸ਼ੇ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ ਅਤੇ ਖੂਨ ਵਹਿਣ ਲੱਗਾ। ਜਦੋਂ ਨੌਜਵਾਨ ਘਰ ਪਹੁੰਚਿਆ ਤਾਂ ਮਾਂ ਸ਼ਾਰਦਾ ਪੁੱਤਰ ਦੇ ਸਿਰ 'ਚੋਂ ਖੂਨ ਵਹਿ ਰਿਹਾ ਦੇਖ ਕੇ ਬੇਹੋਸ਼ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਮਾਂ ਸ਼ਾਰਦਾ ਅਤੇ ਉਸ ਦੇ ਜ਼ਖਮੀ ਪੁੱਤਰ ਨੂੰ ਹਸਪਤਾਲ ਲੈ ਗਏ ਪਰ ਕੁਝ ਸਮੇਂ ਬਾਅਦ ਮਾਂ-ਪੁੱਤ ਦੀ ਮੌਤ ਹੋ ਗਈ। ਪੁਲੀਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਪ੍ਰਵੇਸ਼ ਕੁਮਾਰ ਉਰਫ ਗੱਗੀ ਨਸ਼ੇ ਦਾ ਆਦੀ ਸੀ। ਉਹ ਸੋਮਵਾਰ ਦੇਰ ਸ਼ਾਮ ਵੀ ਸ਼ਰਾਬ ਪੀ ਕੇ ਆਇਆ ਸੀ ਪਰ ਸ਼ਰਾਬੀ ਹੋਣ ਦੇ ਬਾਵਜੂਦ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ ਸੀ। ਇਸ ਤੋਂ ਬਾਅਦ ਉਹ ਸ਼ਰਾਬ ਪੀ ਕੇ ਉਥੇ ਹੀ ਡਿੱਗ ਗਿਆ, ਜਿਸ ਕਾਰਨ ਸਿਰ 'ਚੋਂ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਏਸੀਪੀ ਉੱਤਰੀ ਰਿਸ਼ਭ ਭੋਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਮੌਤ ਜ਼ਿਆਦਾ ਨਸ਼ਾ ਕਰਨ ਕਾਰਨ ਹੋਈ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।