ਚੰਡੀਗੜ੍ਹ, 10 ਮਈ : ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਰਹਿਣ ਵਾਲਾ ਹੈ। ਇਸ ਦੌਰਾਨ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਧਣ ਵਾਲਾ ਹੈ। ਜੇ ਮੰਗਲਵਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਵਿੱਚ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਤੱਕ ਰਿਹਾ। ਇਸ ਤੋਂ ਇਲਾਵਾ ਘੱਟੋ-ਘੱਟ ਤਾਪਮਾਨ 16 ਤੋਂ 19 ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸਵੇਰੇ 55 ਤੋਂ 60 ਫੀਸਦੀ ਤੱਕ ਨਮੀ ਹੋਣ ਕਾਰਨ ਪੰਜਾਬ ਵਿੱਚ ਗਰਮੀ ਦਾ ਕੋਈ ਅਹਿਸਾਸ ਨਹੀਂ ਹੈ। ਪਰ ਹੁਣ 11 ਮਈ ਤੋਂ ਬਾਅਦ ਤਾਪਮਾਨ ਵਧੇਗਾ ਅਤੇ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਪੰਜਾਬ ਵਿੱਚ ਮਾਰਚ ਤੋਂ 9 ਮਈ ਤੱਕ ਕਰੀਬ 91.5 ਮਿਲੀਮੀਟਰ ਮੀਂਹ ਪਿਆ ਹੈ। ਜੋ ਕਿ ਆਮ ਨਾਲੋਂ 120 ਫੀਸਦੀ ਵੱਧ ਹੈ। ਮਈ ‘ਚ ਅੱਗੇ ਪੱਛਮੀ ਗੜਬੜੀ ਕਾਰਨ ਹਵਾ ‘ਚ ਨਮੀ ਦੀ ਮਾਤਰਾ ਘੱਟ ਜਾਵੇਗੀ, ਜਿਸ ਕਾਰਨ ਮੀਂਹ ਪੈਣ ਦੇ ਆਸਾਰ ਵਧਣ ਵਾਲੇ ਹਨ। ਦੂਜੇ ਪਾਸੇ ਮੰਗਲਵਾਰ ਨੂੰ ਅੰਮ੍ਰਿਤਸਰ ‘ਚ 35.5 ਡਿਗਰੀ, ਫਰੀਦਕੋਟ ‘ਚ 35.5 ਡਿਗਰੀ ਸੈਲਸੀਅਸ, ਬਰਨਾਲਾ ‘ਚ 36.2 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ ‘ਚ 36.7 ਡਿਗਰੀ ਸੈਲਸੀਅਸ ਅਤੇ ਜਲੰਧਰ ‘ਚ 35.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ‘ਮੋਕਾ’ ਤੂਫਾਨ ਦਾ ਅਸਰ ਪੰਜਾਬ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਤੂਫਾਨ ਦੇ ਅਸਰ ਕਾਰਨ ਹਵਾ ਦੇ ਪੈਟਰਨ ਵਿੱਚ ਬਦਲਾਅ ਹੋਣ ਵਾਲਾ ਹੈ। ਉੱਤਰ-ਪੱਛਮ ਤੋਂ ਹਵਾਵਾਂ ਚੱਲਣ ਵਾਲੀਆਂ ਹਨ, ਹਾਲਾਂਕਿ ਇਹ ਬਹੁਤ ਗਰਮ ਨਹੀਂ ਹੁੰਦੀਆਂ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ।