ਚੰਡੀਗੜ੍ਹ, 1 ਨਵੰਬਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਭੇਜੇ ਤਿੰਨ ਵਿੱਤੀ ਬਿੱਲਾਂ ਵਿਚੋਂ ਦੋ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜਪਾਲ ਦੇ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸਦੀ 3 ਨਵੰਬਰ ਨੂੰ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਜਿਹੜੇ ਵਿੱਤੀ ਬਿੱਲਾਂ ਨੂੰ ਹੁਣ ਰਾਜਪਾਲ ਨੇ ਮਨਜ਼ੂਰੀ ਦਿੱਤੀ ਹੈ ਉਹਨਾਂ ਵਿਚ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਅਤੇ ਇੰਡੀਅਨ ਸਟੈਂਪ (ਪੰਜਾਬ ਸੋਧ) ਬਿੱਲ 2023 ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾ ਬਿੱਲ ਆਨਲਾਈਨ ਗੇਮਿੰਗ ’ਤੇ ਜੀ ਐਸ ਟੀ ਲਗਾਉਣ ਅਤੇ ਜੀ ਐਸ ਟੀ ਅਪੀਲੀ ਟ੍ਰਿਬਿਊਨਲ ਸਥਾਪਿਤ ਕੀਤੇ ਜਾਣ ਦਾ ਰਾਹ ਪੱਧਰਾ ਕਰਦਾ ਹੈ ਜਦੋਂ ਕਿ ਦੂਜਾ ਜਾਇਦਾਦ ਗਹਿਣੇ ਰੱਖਣ ’ਤੇ ਸਟੈਂਪ ਡਿਊਟੀ ਲਗਾਉਣ ਬਾਰੇ ਹੈ। ਇਸ ਤੋਂ ਇਲਾਵਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਾਲੇ ਤੀਜੇ ਬਿੱਲ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਨੂੰ ਮਨਜ਼ੂਰੀ ਨਹੀਂ ਦਿੱਤੀ। ਗੌਰਤਲਬ ਹੈ ਕਿ ਰਾਜਪਾਲ ਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਉਹਨਾਂ ਕੋਲ ਪੈਂਡਿੰਗ ਪਏ ਬਿੱਲਾਂ ’ਤੇ ਜਲਦੀ ਹੀ ਆਪਣਾ ਫੈਸਲਾ ਦੇਣਗੇ।