ਮੋਹਾਲੀ, 8 ਜੂਨ : ਮੋਹਾਲੀ ਵਿਚ ਇੱਕ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਫੇਜ਼-5 ਮਾਰਕੀਟ ਵਿੱਚ ਇਕ ਲੜਕੀ ਦਾ ਇੱਕ ਨੌਜਵਾਨ ਵੱਲੋਂ ਤਲਵਾਰ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੋਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਲੜਕੀ ਦਾ ਸੜਕ ’ਤੇ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ਵਿੱਚ ਅਸੀਂ ਹਮਲਾਵਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਪੁਲੀਸ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਸ ਨੇ ਪੁਲੀਸ ਮੁਲਾਜ਼ਮਾਂ ’ਤੇ ਵੀ ਹਮਲਾ ਕਰ ਦਿੱਤਾ, ਜਿਸ ਵਿੱਚ ਕੁਝ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਹਮਲਾਵਰ ਦਾ ਨਾਂ ਸੁਖਚੈਨ ਸਿੰਘ ਹੈ, ਉਹ ਸਮਰਾਲਾ ਦਾ ਰਹਿਣ ਵਾਲਾ ਹੈ ਅਤੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਉਹ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦੋਂ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ। ਉਹ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਨ ਅਤੇ ਕੀ ਉਹ ਅੱਜ ਕਤਲ ਦੇ ਇਰਾਦੇ ਨਾਲ ਮੋਹਾਲੀ ਆਇਆ ਸੀ, ਇਹ ਅਜੇ ਜਾਂਚ ਦਾ ਵਿਸ਼ਾ ਹੈ।