ਅੰਮ੍ਰਿਤਸਰ, 07 ਨਵੰਬਰ : ਸਥਾਨਕ ਸ਼ਹਿਰ ਦੇ ਕਟੜਾ ਸ਼ੇਰ ਸਿੰਘ ‘ਚ ਦਵਾਈ ਮਾਰਕੀਟ ਵਿੱਚ ਪੰਜ ਲੁਟੇਰੇ, ਜਿੰਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਇੱਕ ਦੁਕਾਨ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਤੇ 10 ਲੱਖ ਦੀ ਲੁੱਟ ਕਰਕੇ ਫਰਾਰ ਹੋ ਜਾਣ ਦੀ ਖਬਰ ਹੈ, ਇਹ ਵੀ ਪਤਾ ਲੱਗਾ ਹੈ ਕਿ ਲੁਟੇਟੇ ਜਾਣ ਸਮੇਂ ਸੀਸੀਟੀਵੀ ਕੈਮਰਿਆਂ ਨੂੰ ਤੋੜ ਗਏ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵਿੱਚ ਸਥਿਤ ਐਨਵੀ ਸਰਜੀਕਲ ਫਾਰਮਾ ਵਿੱਚ ਵਾਪਰੀ। ਸਰਜੀਕਲ ਫਾਰਮਾ ਦੇ ਮਾਲਕ ਨਿਤਿਨ ਸਰੀਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਨਕਦੀ ਸੰਭਾਲੀ ਜਾ ਰਹੀ ਸੀ। ਉਦੋਂ 5 ਲੁਟੇਰੇ ਦੁਕਾਨ ਅੰਦਰ ਵੜੇ। ਹਰ ਲੁਟੇਰੇ ਦੇ ਹੱਥ ਵਿੱਚ ਦੋ-ਦੋ ਪਿਸਤੌਲਾਂ ਸਨ। ਉਨ੍ਹਾਂ ਨੇ ਉਸ ਨੂੰ ਕਾਊਂਟਰ ਨੇੜੇ ਘੇਰ ਲਿਆ, ਜਦੋਂ ਕਿ ਉਸ ਦੇ ਭਰਾ ਨੂੰ ਦੂਜੇ ਪਾਸੇ ਘਸੀਟ ਕੇ ਲੈ ਗਏ। ਇਸ ਤੋਂ ਬਾਅਦ ਲੁਟੇਰੇ ਬਟੂਏ ਅਤੇ ਜੇਬਾਂ ‘ਚ ਰੱਖੇ ਪੈਸਿਆਂ ਤੋਂ ਇਲਾਵਾ ਸਾਰਿਆਂ ਦੇ ਮੋਬਾਈਲ ਫੋਨ ਵੀ ਲੈ ਗਏ। ਨਿਤਿਨ ਨੇ ਦੱਸਿਆ ਕਿ ਲੁਟੇਰਿਆਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ ਪਰ ਜਾਂਦੇ ਹੋਏ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਵੀ ਦੇਖ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਕੈਮਰੇ ਵੀ ਤੋੜ ਦਿੱਤੇ। ਫਿਲਹਾਲ ਪੁਲਿਸ ਨੇ ਲੁੱਟ ਦੀ ਵਾਰਦਾਤ ਦੀ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੁਕਾਨ ਮਾਲਕ ਦੇ ਬਿਆਨ ਦਰਜ ਕਰ ਲਏ ਗਏ ਹਨ। ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿੰਨੀ ਲੁੱਟ ਹੋਈ ਇਸ ਸਬੰਧੀ ਰਿਕਾਰਡ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।