ਚੰਡੀਗੜ੍ਹ, 16 ਜਨਵਰੀ : ਪੰਜਾਬ ਅਤੇ ਹਰਿਆਣਾ ਵਿੱਚ ਠੰਡ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਬਲੋਵਾਲ ਸੌਖੜੀ ਦਾ ਤਾਪਮਾਨ 0 ਤੋਂ ਵੀ 0.4 ਡਿਗਰੀ ਸੈਲਸੀਅਸ ਥੱਲੇ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰਨਾਂ ਜਿਲਿ੍ਹਆ ਪਟਿਆਲਾ, ਫਤਿਹਗੜ੍ਹ ਸਾਹਿ ਅਤੇ ਮੋਹਾਲੀ ‘ਚ ਧੁੰਦ ਛਾਈ ਰਹੀ, ਅੰਮ੍ਰਿਤਸਰ ਦਾ ਤਾਪਾਮਨ 5.4 ਡਿਗਰੀ ਸੈਲਸੀਅਸ, ਲੁਧਿਆਣਾ ‘ਚ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਆਮ ਨਾਲੋਂ 2.7 ਡਿਗਰੀ ਘੱਟ ਹੈ। ਪਟਿਆਲਾ ’ਚ ਘੱਟੋ-ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ। ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 4.3 ਅਤੇ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.7 ਡਿਗਰੀ ਘੱਟ ਹੈ। ਹਰਿਆਣਾ ’ਚ ਹਿਸਾਰ 1.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸੱਭ ਤੋਂ ਠੰਡਾ ਸਥਾਨ ਰਿਹਾ, ਜੋ ਆਮ ਨਾਲੋਂ 5.5 ਡਿਗਰੀ ਘੱਟ ਹੈ। ਅੰਬਾਲਾ ਅਤੇ ਕਰਨਾਲ ’ਚ ਘੱਟੋ ਘੱਟ ਤਾਪਮਾਨ 4.4 ਅਤੇ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਨਾਰਨੌਲ, ਭਿਵਾਨੀ ਅਤੇ ਸਿਰਸਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 3.9 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਕਾਰਨ ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਤ ਹੋਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਸਵੇਰੇ 9 ਵਜੇ ਮਾਮੂਲੀ ਸੁਧਾਰ ਨਾਲ 351 ’ਤੇ ਪਹੁੰਚ ਗਿਆ। ਇਹ ਅਜੇ ਵੀ ਬਹੁਤ ਖਰਾਬ ਸ਼੍ਰੇਣੀ ’ਚ ਹੈ। ਗੁਆਂਢੀ ਨੋਇਡਾ ’ਚ ਮੰਗਲਵਾਰ ਸਵੇਰੇ ਸੰਘਣੀ ਧੁੰਦ ਅਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ, ਐਕਸਪ੍ਰੈਸਵੇਅ ’ਤੇ ਵਿਜ਼ੀਬਿਲਟੀ ਰਾਤ ਅਤੇ ਸਵੇਰ ਦੇ ਸਮੇਂ ਲਗਭਗ ਜ਼ੀਰੋ ਰਹੇਗੀ। ਇਸ ਦੇ ਨਾਲ ਹੀ ਦਿਨ ਵੇਲੇ ਪਾਰਾ ਡਿੱਗਣ ਕਾਰਨ ਠੰਢ ਬਣੀ ਰਹੇਗੀ। ਅਜਿਹੇ ’ਚ ਲੋਕਾਂ ਨੂੰ ਅਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਵੀ ਅਲਰਟ ਕਰ ਦਿਤਾ ਗਿਆ ਹੈ। ਗ੍ਰੇਟਰ ਨੋਇਡਾ ’ਚ ਸੰਘਣੀ ਧੁੰਦ ਕਾਰਨ ਮੰਗਲਵਾਰ ਨੂੰ ਕਈ ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ, ਜਿਸ ’ਚ 4 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਦਾਦਰੀ ਥਾਣੇ ਦੇ ਅਧੀਨ ਬਾਈਪਾਸ ਰੋਡ ’ਤੇ ਸਵੇਰੇ ਕਰੀਬ 8:45 ਵਜੇ ਵਾਪਰਿਆ। ਅੰਡਰਪਾਸ ਪਾਰ ਕਰਨ ਤੋਂ ਤੁਰਤ ਬਾਅਦ ਇਕ ਟਰੱਕ ਖੱਬੇ ਮੋੜ ਲੈਂਦੇ ਸਮੇਂ ਦੂਜੇ ਟਰੱਕ ਨਾਲ ਟਕਰਾ ਗਿਆ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੇ 10 ਹੋਰ ਗੱਡੀਆਂ ਦੀ ਵੀ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਕੈਲਾਸ਼, ਪ੍ਰਸ਼ਾਂਤ, ਅਪੂਰਵਾ ਪਰਮਾਰ, ਕੇਸ਼ਵ ਸਿੰਘ ਅਤੇ ਮੋਹਨ ਸਵਰੂਪ ਵਜੋਂ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ 140-150 ਨੌਟ ਦੀ ਰਫਤਾਰ ਨਾਲ ‘ਜੈੱਟ ਸਟ੍ਰੀਮ ਹਵਾਵਾਂ’ ਚੱਲ ਰਹੀਆਂ ਹਨ ਅਤੇ ਇਸ ਨਾਲ ਬੁਧਵਾਰ ਨੂੰ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਸ਼/ਬਰਫਬਾਰੀ ਹੋਣ ਦੀ ਸੰਭਾਵਨਾ ਹੈ।