- ਵਿਧਾਇਕ ਨੂੰ ਵੀ ਮਨਾਉਣ ਦਾ ਦਿੱਤਾ ਭਰੋਸਾ
ਚੰਡੀਗੜ੍ਹ, 18 ਅਕਤੂਬਰ : ਪੰਜਾਬ ਦੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਅਤੇ ਇਸ ਜ਼ਿਲ੍ਹੇ ਦੇ ਐਸਐਸਪੀ ਅਤੇ ਤਿੰਨ ਪੁਲਿਸ ਅਫ਼ਸਰਾਂ ਵਿਚਕਾਰ ਹੋਏ ਤਕਰਾਰ ਅਤੇ ਉਨ੍ਹਾਂ ਦੇ ਤਬਾਦਲਿਆਂ ਤੋਂ ਬਾਅਦ ਹੁਣ ਇਸ ਮਸਲੇ ਨੇ ਨਵਾਂ ਰੁੱਖ ਲਿਆ ਹੈ। ਡਾਕਟਰ ਸੋਹਲ ਵੱਲੋਂ ਇਨ੍ਹਾਂ ਅਫ਼ਸਰਾਂ ਦੇ ਖ਼ਿਲਾਫ਼ ਲਏ ਦੁਰਵਿਵਹਾਰ ਦੇ ਦੋਸ਼ਾਂ ਦੇ ਮਾਮਲੇ ਵਿੱਚ ਸਾਬਕਾ ਐਸਐਸਪੀ ਗੁਰਮੀਤ ਸਿੰਘ ਚੌਹਾਨ, ਡੀਐਸਪੀ ਜਸਪਾਲ ਸਿੰਘ ਢਿੱਲੋਂ ਅਤੇ ਐਸਐਚਓ ਗੁਰਚਰਨ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ (ਪ੍ਰਿਵਿਲੇਜ ਕਮੇਟੀ) ਤੋਂ ਮੁਆਫ਼ੀ ਮੰਗ ਲਈ ਹੈ। ਤਿੰਨਾਂ ਪੁਲੀਸ ਅਧਿਕਾਰੀਆਂ ਨੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਵੀ ਮਨਾਉਣ ਦਾ ਭਰੋਸਾ ਵੀ ਦਿੱਤਾ ਹੈ। ਇਹ ਤਿੰਨੇ ਅਫ਼ਸਰ 17 ਅਕਤੂਬਰ ਨੂੰ ਇਸ ਕਮੇਟੀ ਅੱਗੇ ਪੇਸ਼ ਹੋਏ ਸਨ। ਕਮੇਟੀ ਦੇ ਚੇਅਰਮੈਨ ਅਤੇ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ 3 ਪੁਲਿਸ ਅਧਿਕਾਰੀਆਂ ਦੇ ਕਮੇਟੀ ਅੱਗੇ ਪੇਸ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ਅੰਦਰ ਵਿਧਾਇਕ ਨੂੰ ਸੰਤੁਸ਼ਟ ਕਰਨ। ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੁਲੀਸ ਅਧਿਕਾਰੀਆਂ ’ਤੇ ਦੁਰਵਿਵਹਾਰ ਦੇ ਦੋਸ਼ ਲਾਏ ਸਨ। ਇਹ ਮਾਮਲਾ 31 ਜੁਲਾਈ 2023 ਦਾ ਹੈ। ਵਿਧਾਇਕ ਡਾ: ਸੋਹਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀਐਸਪੀ, ਤਿੰਨ ਥਾਣਿਆਂ ਦੇ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ ਵਿਧਾਨ ਸਭਾ ਹਲਕੇ ਦੇ ਇੱਕ ਵਲੰਟੀਅਰ ਨੇ ਪੁਲੀਸ ’ਤੇ ਪੱਖਪਾਤ ਕਰਨ ਅਤੇ ਇਨਸਾਫ਼ ਨਾ ਦੇਣ ਦੇ ਦੋਸ਼ ਲਾਏ। ਡਾ: ਸੋਹਲ ਨੇ ਪੁਲਿਸ ਦੇ ਇਸ ਰਵੱਈਏ ਅਤੇ ਨੈਤਿਕਤਾ ਦੀ ਉਲੰਘਣਾ ਦੀ ਸ਼ਿਕਾਇਤ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਕੀਤੀ। ਕਮੇਟੀ ਨੇ ਕੱਲ੍ਹ ਤਿੰਨੋਂ ਪੁਲੀਸ ਅਧਿਕਾਰੀਆਂ ਨੂੰ ਤਲਬ ਕੀਤਾ ਸੀ।