ਚੰਡੀਗੜ੍ਹ, 26 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੰਟੀ ਨੂੰ ਪੁਲਿਸ ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-3 ਥਾਣੇ ਵਿਚ ਰੱਖਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਲਿਆਂਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬੰਟੀ ਰੋਮਾਣਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁਧ ਇਕ ਐਡੀਟਡ ਵੀਡੀਉ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦੇ ਚਲਦਿਆਂ ਇਹ ਕਾਰਵਾਈ ਹੋਈ ਹੈ। ਬੰਟੀ ਰੋਮਾਣਾ ਵਲੋਂ ਸ਼ੇਅਰ ਕੀਤੀ ਵੀਡੀਉ ਵਿਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਸੀ। ਇਸ ਮਗਰੋਂ ਪੁਲਿਸ ਨੇ ਬੰਟੀ ਰੋਮਾਣਾ ਵਿਰੁਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਬੰਟੀ ਰੋਮਾਣਾ ਨੇ ਇਕ ਪੰਜਾਬੀ ਗਾਇਕ ਦੀ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਬੰਟੀ ਰੋਮਾਣਾ ਦੇ ਖਿਲ਼ਾਫ ਧਾਰਾ 468,469,500,ਤੇ 43,66 IT ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਸੁਖਬੀਰ ਬਾਦਲ ਸਮੇਤ ਕਈ ਆਗੂਆਂ ਨੇ ਮੁਹਾਲੀ ਦੇ ਐਸਐਸਪੀ 'ਚ ਕੀਤਾ ਰੋਸ ਪ੍ਰਦਰਸ਼ਨ
ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ ਦੇ ਐਸਐਸਪੀ ਦਫ਼ਤਰ ਪੁੱਜੇ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੁਖਬੀਰ ਬਾਦਲ ਨੇ ਮੁਹਾਲੀ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ 'ਤੇ ਇਤਰਾਜ਼ ਜਤਾਇਆ। ਇਸ ਦੌਰਾਨ ਮੁਹਾਲੀ ਦੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਰਾਹੀਂ ਗੱਲ ਕੀਤੀ। ਸੁਖਬੀਰ ਨੇ ਬਿਨਾਂ ਜਾਂਚ ਦੇ ਰੋਮਾਣਾ ਨੂੰ ਗ੍ਰਿਫਤਾਰ ਕਰਨ 'ਤੇ ਐਸਐਸਪੀ ਗਰਗ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਦੀ ਨਜਾਇਜ਼ ਦੋਸ਼ ਹੇਠ ਕੀਤੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕਰਦੇ ਹਨ, ਅਜਿਹਾ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਪੰਜਾਬੀਆਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਅਤੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਜਿਹੀਆਂ ਗਿੱਧੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਪਾਰਟੀ ਪਰਮਬੰਸ ਸਿੰਘ ਰੋਮਾਣਾ ਦੇ ਪੂਰਨ ਤੌਰ ‘ਤੇ ਨਾਲ ਖੜ੍ਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਆਪ ਸਰਕਾਰ ਦੀ ਅਰਾਜਕਤਾ ਨੂੰ ਠੱਲ ਪਾਈ ਜਾਵੇ।
ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੇ ਖਿਲਾਫ ਸਾਈਬਰ ਕ੍ਰਾਈਮ ਨੂੰ ਕੀਤੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਭਗਵੰਤ ਮਾਨ ਦੇ ਖਿਲਾਫ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਉਸਦੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਈ ਅਪਮਾਨਜਨਕ ਵੀਡੀਓਜ਼ ਅਪਲੋਡ ਕਰਨ ਖਿਲਾਫ਼ ਸੌਂਪੀ ਅਤੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਹ ਵਫ਼ਦ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਦੀ ਸਾਈਬਰ ਐਕਟ ਤਹਿਤ ਕੀਤੀ ਗਈ ਗਲਤ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਐਸਐਸਪੀ ਦਫ਼ਤਰ ਵਿਖੇ ਇਕੱਤਰ ਹੋਇਆ ਸੀ। ਮੈਂ ਐਸ ਐਸਪੀ ਨੂੰ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅਤੇ ਇਸਦੀ ਸਿਖਰਲੀ ਲੀਡਰਸ਼ਿਪ ਸ਼ੋਸ਼ਲ ਮੀਡੀਆ 'ਤੇ ਨਿਯਮਿਤ ਤੌਰ 'ਤੇ ਗਲਤ ਵੀਡੀਓਜ਼ ਦੇ ਨਾਲ-ਨਾਲ ਮਾਣਹਾਨੀ ਵਾਲਾ ਕਨਟੈਂਟ ਅਪਲੋਡ ਕਰਦੀ ਹੈ ਅਤੇ ਭਗਵੰਤ ਮਾਨ ਸਮੇਤ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।