ਚੰਡੀਗੜ੍ਹ,1 ਫਰਵਰੀ : ਲਾਲੜੂ ਅਤੇ ਹੰਡੇਸਰਾ ਖੇਤਰ ਦੇ ਪਿੰਡਾਂ ਵਿੱਚ ਅੱਜ ਪਏ ਗੜੇ ਕਿਸਾਨੀ ਉੱਤੇ ਵੱਡਾ ਕਹਿਰ ਗੁਜਾਰ ਗਏ। 31 ਜਨਵਰੀ ਨੂੰ ਰੁੱਕ-ਰੁੱਕ ਕੇ ਸ਼ੁਰੂ ਹੋਈ ਬਰਸਾਤ ਨੂੰ ਵੇਖ ਕੇ ਕਿਸਾਨੀ 'ਚ ਖੁਸ਼ੀ ਦਾ ਮਾਹੌਲ ਸੀ, ਪਰ 1 ਫਰਵਰੀ ਨੂੰ ਸਵੇਰੇ 11 ਵਜੇ ਪਏ ਗੜਿਆਂ ਨੇ ਇਹ ਸਾਰੀ ਖੁਸ਼ੀ ਨਿਰਾਸ਼ਾ ਵਿੱਚ ਬਦਲ ਦਿੱਤੀ। ਗੜਿਆਂ ਕਾਰਨ ਅਗੇਤੀ ਸਰ੍ਹੋਂ, ਅਗੇਤੀ ਕਣਕ ਤੇ ਸਬਜੀਆਂ ਬਿਲਕੁਲ ਤਬਾਹ ਗਈਆਂ, ਜਦਕਿ ਕਮਜ਼ੋਰ ਤਣੇ ਵਾਲੀ ਬਰਸੀਮ ਤੇ ਜਵੀਂ ਨੂੰ ਗੜਿਆਂ ਨੇ ਟੁਕੜੇ-ਟੁਕੜੇ ਕਰ ਦਿੱਤਾ। ਇਸਦੇ ਨਾਲ ਹੀ ਨਿਸਾਰੇ 'ਤੇ ਆਈ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਵੀ ਨੁਕਸਾਨ ਹੋਇਆ। ਚੋਣਵੇਂ ਖੇਤਰਾਂ ਵਿੱਚ ਪਏ ਗੜ੍ਹੇ ਇੱਕ ਤਰ੍ਹਾਂ ਨਾਲ ਹਿਮਾਚਲ ਵਾਲੀ ਬਰਫ ਦਾ ਪ੍ਰਭਾਵ ਦੇ ਰਹੇ ਸਨ। ਕਾਬਿਲੇਗੌਰ ਹੈ ਕਿ ਭੁਪਿੰਦਰ ਸਿੰਘ ਜਾਸਤਨਾਂ, ਜਵਾਲਾ ਸਿੰਘ ਖੇੜੀਜੱਟਾ, ਅਤਿੰਦਰ ਸਿੰਘ ਖੇੜੀਜੱਟਾਂ, ਸੁੱਖਾ ਸਿੰਘ ਪੁਨਸਰ, ਸੰਗਤ ਸਿੰਘ, ਕੁਲਵੰਤ ਸਿੰਘ ਜਾਸਤਨਾ, ਜਸਪ੍ਰੀਤ ਸਿੰਘ ਮਲਕਪੁਰ, ਗੁਰਤੇਜ ਸਿੰਘ ਮਲਕਪੁਰ, ਭੁਪਿੰਦਰ ਸਿੰਘ ਮਲਕਪੁਰ, ਬਲਵਿੰਦਰ ਸਿੰਘ ਗਰਚਾ ਤੇ ਗੁਰਵਿੰਦਰ ਸਿੰਘ ਜੌਲਾ ਖੁਰਦ ਆਦਿ ਨੇ ਦੱਸਿਆ ਕਿ ਗੜ੍ਹਿਆਂ ਕਾਰਨ ਉਨ੍ਹਾਂ ਦੀ ਹਾੜੀ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨੀ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਤੋਂ ਕਿਸਾਨੀਂ ਨੂੰ ਉਭਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਕਿਸਾਨਾਂ ਦਾ ਕਹਿਣਾ ਸੀ, ਕਿ ਸਾਉਣੀ ਦੀ ਫਸਲ ਵਿੱਚ ਕਿਸਾਨਾਂ ਦਾ ਸਿਰਫ ਖਰਚਾ ਹੀ ਪੂਰਾ ਹੁੰਦਾ ਹੈ, ਜਦਕਿ ਹਾੜੀ ਦੀ ਫਸਲ ਬਚਣ ਲਈ ਹੁੰਦੀ ਹੈ, ਪਰ ਹੁਣ ਪਏ ਗੜਿਆਂ ਨੇ ਫਸਲ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨੀ ਦੀ ਬਾਂਹ ਫੜੇ ਅਤੇ ਹੋਏ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਗੜ੍ਹੇਮਾਰੀ ਕਾਰਨ ਵੱਡੀ ਸਿਰਦਰਦੀ ਹੁਣ ਪਸ਼ੂਆਂ ਦੇ ਹਰ੍ਹੇ ਚਾਰੇ ਦੀ ਪੈਦਾ ਹੋ ਗਈ ਹੈ, ਜਿੱਥੇ ਬਰਸੀਮ ਨੂੰ ਤੋੜ ਦਿੱਤਾ ਹੈ, ਉਥੇ ਹੀ ਹੋਰ ਬੀਜਿਆ ਹੋਇਆ ਹਰਾ ਚਾਰਾ ਵੀ ਖ਼ਰਾਬ ਹੋ ਚੁੱਕਾ ਹੈ, ਜਿਸ ਨੂੰ ਮੁੜ ਉਭਰਨ ਵਿੱਚ ਸਮਾਂ ਲੱਗੇਗਾ। ਕਿਸਾਨ ਜਥੇਬੰਦੀਆਂ ਸਮੇਤ ਸੀਪੀਆਈ(ਐਮ) ਦੇ ਕਿਸਾਨ ਆਗੂ ਲਾਭ ਸਿੰਘ ਸਰਪੰਚ, ਕੌਲ ਸਿੰਘ, ਚੰਦਰਪਾਲ ਅੱਤਰੀ ਤੇ ਨੰਦ ਕਿਸ਼ੋਰ ਆਦਿ ਨੇ ਕਿਹਾ ਕਿ ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨੀ ਇੱਕ ਵਾਰ ਫਿਰ ਤੋਂ ਸੰਕਟ ਵਿੱਚ ਆ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਹ ਲਾਲੜੂ ਖੇਤਰ ਦੀ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ ਤਾਂ ਜੋ ਪੰਜਾਬ ਦਾ ਕਿਸਾਨ ਮੁੜ ਤੋਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕੇ। ਇਸ ਸਬੰਧੀ ਸੰਪਰਕ ਕਰਨ 'ਤੇ ਖੇਤੀਬਾੜੀ ਵਿਭਾਗ ਡੇਰਾਬੱਸੀ ਦੇ ਖੇਤੀਬਾੜੀ ਅਫਸਰ ਸੁਭਕਰਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੌਰਾਨ ਇਹ ਪਾਇਆ ਗਿਆ ਹੈ ਕਿ ਕਣਕ ਦੀ ਫਸਲ ਦਾ ਨੁਕਸਾਨ ਘੱਟ ਹੈ, ਜਦਕਿ ਸਰੋਂ ,ਪਸ਼ੂਆਂ ਦੇ ਚਾਰੇ ਤੇ ਸਬਜੀਆਂ ਦਾ ਕਾਫੀ ਜਿਆਦਾ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਉਹ ਕੱਲ ਤੱਕ ਹਲਕੇ ਦੀ ਪੂਰੀ ਰਿਪੋਰਟ ਤਿਆਰ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪ ਦੇਣਗੇ।
ਮੌਸਮ ਵਿਭਾਗ ਨੇ ਅੱਜ ਵੀ ਗੜੇ ਪੈਣ, ਗਰਜ ਤੇ ਤੇਜ਼ ਹਨੇਰੀ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਖੰਨਾ ਮੰਡੀ ਵਿੱਚ ਤੇਜ਼ ਮੀਂਹ ਪਿਆ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਤੇ ਮੋਹਨਮਾਜਰਾ ਵਿੱਚ ਗੜੇ ਪਏ ਹਨ। ਇਸੇ ਤਰ੍ਹਾਂ ਅਜਨਾਲਾ, ਬਲਾਚੌਰ, ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਤੇ ਪਟਿਆਲਾ ਦੇ ਘੜਾਮ ਇਲਾਕੇ ਵਿਚ ਵੀ ਗੜੇ ਪਏ।
ਲਹਿਰਾਗਾਗਾ ਦੇ ਪਿੰਡਾਂ ਵਿੱਚ ਬਾਰਿਸ਼ ਤੇ ਹੋਈ ਗੜੇਮਾਰੀ
ਬੁੱਧਵਾਰ ਨੂੰ ਲਹਿਰਾਗਾਗਾ ਦੇ ਪਿੰਡਾਂ ਵਿੱਚ ਬਾਰਿਸ਼ ਤੇ ਗੜੇਮਾਰੀ ਹੋਈ। ਇਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੌਸਮ ਦੇ ਬਦਲੇ ਮਜਾਜ਼ ਨੇ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਬੁੱਧਵਾਰ ਨੂੰ ਤਕਰੀਬਨ ਸ਼ਾਮ ਚਾਰ ਕੁ ਵਜੇ ਲਹਿਰਾਗਾਗਾ ਦੇ ਨੰਗਲਾ, ਸੰਗਤੀਵਾਲਾ, ਭਾਈ ਕੀ ਪਸ਼ੋਰ ਆਦਿ ਪਿੰਡਾਂ ਵਿੱਚ ਇੱਕਦਮ ਭਾਰੀ ਗੜੇਮਾਰੀ ਹੋਣ ਲੱਗੀ। ਇਸ ਨਾਲ ਕਿਸਾਨਾਂ ਦੀਆਂ ਖੇਤਾਂ ਵਿੱਚ ਖੜ੍ਹੀਆਂ ਤੇ ਮੰਡੀਆਂ ਵਿੱਚ ਪਈਆਂ ਕਣਕਾਂ ਗੜ੍ਹਿਆਂ ਨਾਲ ਢੱਕ ਗਈਆਂ। ਉਧਰ, ਮੰਡੀਆਂ ਵਿੱਚ ਪਈ ਕਣਕ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਕੇ ਖਰਾਬ ਹੋ ਗਈ ਹੈ। ਖੇਤਾਂ ਵਿੱਚ ਖੜ੍ਹੀ ਸਬਜ਼ੀਆਂ ਦੀ ਫ਼ਸਲ ਮਿਰਚ ਆਦਿ ਬਿਲਕੁਲ ਬਰਬਾਦ ਹੋ ਗਈ ਹੈ। ਤੂੜੀ ਕਰਨ ਵਾਲਾ ਕਣਕ ਦਾ ਨਾੜ ਤੂੜੀ ਕਰਨ ਯੋਗ ਨਹੀਂ ਰਿਹਾ ਜਾਂ ਫਿਰ ਪੀਲਾ ਪੈ ਜਾਵੇਗਾ। ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਮਾਰ ਪਈ ਹੈ। ਦੱਸ ਦਈਏ ਕਿ ਪੰਜਾਬ ਦੇ ਕਈ ਖ਼ਿੱਤਿਆਂ ’ਚ ਮੁੜ ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਮਧੋਲ ਦਿੱਤਾ ਹੈ। ਬੀਤੀ ਰਾਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਆਇਆ ਤੇ ਦਰਮਿਆਨੀ ਬਾਰਿਸ਼ ਵੀ ਹੋਈ। ਬੁੱਧਵਾਰ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ਵਿਚ ਅਚਨਚੇਤ ਗੜੇ ਪਏ ਤੇ ਮੀਂਹ ਪਿਆ।