ਚੰਡੀਗੜ੍ਹ, 6 ਸਤੰਬਰ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਸੀਲ ਕੀਤੇ ਬੈਂਕ ਲਾਕਰਾਂ ਵਿੱਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਹੈ। ਏਜੰਸੀ ਦੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਟੀਮ ਨੇ 4 ਸਤੰਬਰ ਨੂੰ ਲੁਧਿਆਣਾ ਵਿੱਚ ਜ਼ਬਤ ਕੀਤੇ ਬੈਂਕ ਲਾਕਰਾਂ ਦੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਉਪਬੰਧਾਂ ਦੇ ਤਹਿਤ ਤਲਾਸ਼ੀ ਲਈ। ਇਸ ਤੋਂ ਪਹਿਲਾਂ 24 ਅਗਸਤ ਨੂੰ ਈਡੀ ਨੇ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਸਾਥੀਆਂ ਦੇ ਲੁਧਿਆਣਾ, ਮੋਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਅੰਮ੍ਰਿਤਸਰ ਵਿੱਚ 25 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 6.5 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਬੈਂਕ ਦੇ ਲਾਕਰ ਫਰੀਜ਼ ਕਰ ਦਿੱਤੇ ਗਏ ਸਨ। ਹੁਣ ਇਸ ਮਾਮਲੇ ਵਿੱਚ ਜ਼ਬਤ ਅਤੇ ਫਰੀਜ਼ ਕੀਤੀ ਗਈ ਕੁੱਲ ਰਕਮ 8.6 ਕਰੋੜ ਰੁਪਏ ਹੋ ਗਈ ਹੈ।