ਚੰਡੀਗੜ੍ਹ, 01 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਇਸ਼ਤਿਹਾਰਬਾਜੀ ਤੇ ਕਰੋੜਾਂ ਰੁਪੈ ਖਰਚੇ ਜਾਣ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੱਲੋਂ ਆਮ ਹੀ ਬਿਆਨਬਾਜੀ ਕੀਤੀ ਜਾਂਦੀ ਹੈ, ਇਸ ਸਬੰਧੀ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਪੂਰੀ ਜਾਣਕਾਰੀ ਅਨੁਸਾਰ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 65 ਰਾਸ਼ਟਰੀ ਚੈਨਲਾਂ ਤੇ ਦਿਖਾਉਣ ਲਈ ਸਿਰਫ ਅੱਠ ਦਿਨਾਂ ਵਿੱਚ 6.5 ਕਰੋੜ ਰੁਪੈ ਖਰਚੇ ਗਏ ਹਨ। ਇਹ ਖਰਚ ਪ੍ਰਿੰਟ ਮੀਡੀਆ, ਵੈੱਬਸਾਈਟਾਂ ਅਤੇ ਰੇਡੀਓ ਦੇ ਖਰਚਿਆਂ ਤੋਂ ਇਲਾਵਾ ਹੈ। ਇਸ ਤੋਂ ਪਹਿਲਾਂ ਵੀ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾਏ ਗਏ ਸਨ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਜਰਾਤ ਵਿੱਚ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਦੀ ਮਸ਼ਹੂਰੀ ਲਈ ਕਰੋੜਾਂ ਖਰਚੇ ਗਏ ਹਨ। ਪਿਛਲੇ ਸਾਲ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ, ਜੇਕਰ ਇਸ਼ਤਿਹਾਰਾਂ ਤੇ ਅੰਦਾਜ਼ਨ ਔਸਤ ਖਰਚੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਗਵੰਤ ਮਾਨ ਸਰਕਾਰ ਨੇ ਆਪਣੇ 200 ਦਿਨਾਂ ਦੇ ਕਾਰਜ ਕਾਲ (30 ਸਤੰਬਰ ਤੱਕ ਸਾਢੇ 6 ਮਹੀਨੇ) ਦੌਰਾਨ 400 ਕਰੋੜ ਰੁਪੈ ਪ੍ਰਚਾਰ ਲਈ ਖਰਚੇ ਕੀਤੇ ਗਏ ਹਨ।ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਸ਼ਰੇਆਮ ਹੋ ਰਹੀ ਲੁੱਟ ਦੀ ਕਾਂਗਰਸ ਪਾਰਟੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।