ਬਠਿੰਡਾ, 30 ਜਨਵਰੀ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿਸ ਤਹਿਤ 9 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਕ ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਵੀ ਕਾਬੂ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਕੇਂਦਰ ਵੀਰ ਸਿੰਘ ਉਰਫ ਸਨੀ ਦਿਆਲ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨਲ ਪੱਧਰ ਤੇ ਪੰਜਾਬ ਵਿੱਚ ਬਹੁਤ ਵੱਡਾ ਡਰੱਗ ਨੈਟਵਰਕ ਚਲਾ ਰਿਹਾ ਹੈ। ਇਸ ਮਾਮਲੇ ਨਾਲ ਸੰਬੰਧਿਤ ਬਿਕਰ ਸਿੰਘ, ਜੋ ਆਗਰਾ ਜੇਲ ਵਿੱਚ ਬੰਦ ਸੀ, ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਬਿਕਰ ਸਿੰਘ ਦੀ ਨਿਸ਼ਾਨਦੇਹੀ ਉੱਪਰ ਤਾਰਾ ਚੰਦ ਪਾਰਕ ਲੁਧਿਆਣਾ ਵਾਸੀ ਨੂੰ 25 ਜਨਵਰੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇਕ ਕਰੋੜ 78 ਲੱਖ ਰੁਪਏ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ। ਤਾਰਾ ਚੰਦ ਪਾਰਕ ਦੀ ਨਿਸ਼ਾਨਦੇਹੀ ਉੱਪਰ 29 ਜਨਵਰੀ ਨੂੰ ਮੁਲਜ਼ਮ ਸਿਮਰਨਜੀਤ ਸਿੰਘ ਹਰਮਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰਾ ਕਾਰੋਬਾਰ ਹਵਾਲਾ ਬਾਜ਼ਾਰ ਦੇ ਰਾਹੀਂ ਚਲਦਾ ਸੀ। ਇਸ ਵੱਡੀ ਕਾਮਯਾਬੀ ਦੇ ਵਿੱਚ ਸਾਰੇ ਦੋਸ਼ੀਆਂ ਦੇ ਬਿਆਨਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਦਾ ਮੁੱਖ ਸਰਗਨਾ ਕੇਂਦਰ ਵੀਰ ਸਿੰਘ ਉਰਫ਼ ਸਨੀ ਦਿਆਲ, ਜੋ ਅਮਰੀਕਾ ਵਿੱਚ ਬੈਠ ਕੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਵਿੱਚੋਂ ਬਹੁਤ ਵੱਡਾ ਡਰੱਗ ਰੈਕਟ ਚਲਾ ਰਿਹਾ ਹੈ। ਇਸਤੋਂ ਇਲਾਵਾ ਇਨ੍ਹਾਂ ਦੋਸ਼ੀਆਂ ਕੋਲੋਂ 270 ਗ੍ਰਾਮ ਹੈਰੋਇਨ ਇੱਕ ਪਿਸਟਲ 30 ਬੋਰ ਪੰਜ ਜਿੰਦਾ ਰੌਂਦ, ਇੱਕ ਔਡੀ ਕਾਰ, ਇੱਕ ਗੱਡੀ ਅਲਕਾਜਾਰ ਅਤੇ ਕੁੱਲ ਡਰੱਗ ਮਨੀ ਇਕ ਕਰੋੜ 96 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਸਤੋਂ ਇਲਾਵਾ ਅਜੇ ਹੋਰ ਰਿਕਵਰੀ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।