
- ETO ਆਬਕਾਰੀ, ਡੀਐਸਪੀ ਅਮੋਲਕ ਸਿੰਘ ਅਤੇ ਥਾਣਾ ਮਜੀਠਾ ਦੇ ਐਸਐਚਓ ਅਵਤਾਰ ਸਿੰਘ ਕਾਹਲੋਂ ਨੂੰ ਕੀਤਾ ਸਸਪੈਂਡ
- ਮਾਸੂਮ ਲੋਕਾਂ ਦੇ ਇਨ੍ਹਾਂ ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਮਾਨ
- ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ : ਮੁੱਖ ਮੰਤਰੀ ਮਾਨ
ਮਜੀਠਾ, 13 ਮਈ 2025 : ਮਜੀਠਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਜਦਕਿ ਕੁੱਝ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਇਹ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਚੌਥੀ ਵੱਡੀ ਜ਼ਹਿਰੀਲੀ ਸ਼ਰਾਬ ਦੀ ਘਟਨਾ ਹੈ। ਮਜੀਠਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ETO ਆਬਕਾਰੀ, ਡੀਐਸਪੀ ਅਮੋਲਕ ਸਿੰਘ ਅਤੇ ਥਾਣਾ ਮਜੀਠਾ ਦੇ ਐਸਐਚ ਓ ਅਵਤਾਰ ਸਿੰਘ ਕਾਹਲੋਂ ਨੂੰ ਤਰੁੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮਜੀਠਾ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਸਾਨੂੰ 5 ਪਿੰਡਾਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਕੱਲ੍ਹ ਸ਼ਰਾਬ ਪੀਣ ਵਾਲੇ ਲੋਕਾਂ ਦੀ ਹਾਲਤ ਗੰਭੀਰ ਹੈ। ਅਸੀਂ ਆਪਣੀਆਂ ਮੈਡੀਕਲ ਟੀਮਾਂ ਭੇਜੀਆਂ। ਸਾਡੀਆਂ ਮੈਡੀਕਲ ਟੀਮਾਂ ਅਜੇ ਵੀ ਘਰ-ਘਰ ਜਾ ਰਹੀਆਂ ਹਨ। ਭਾਵੇਂ ਲੋਕਾਂ ਵਿੱਚ ਕੋਈ ਲੱਛਣ ਹੋਣ ਜਾਂ ਨਾ ਹੋਣ, ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਜਾ ਰਹੇ ਹਾਂ ਤਾਂ ਜੋ ਅਸੀਂ ਉਨ੍ਹਾਂ ਨੂੰ ਬਚਾ ਸਕੀਏ। ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਮੌਤਾਂ ਦੀ ਇਹ ਗਿਣਤੀ ਨਾ ਵਧੇ, ਅਸੀਂ ਸਪਲਾਇਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ। ਐਸਐਸਪੀ ਅੰਮ੍ਰਿਤਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9:30 ਵਜੇ ਸੂਚਨਾ ਮਿਲੀ ਸੀ ਕਿ ਨਕਲੀ ਸ਼ਰਾਬ ਪੀਣ ਨਾਲ ਲੋਕ ਮਰ ਰਹੇ ਹਨ। ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਸੀਂ ਮੁੱਖ ਸਪਲਾਇਰ ਪਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਉਸ ਤੋਂ ਪੁੱਛਗਿੱਛ ਕੀਤੀ ਅਤੇ ਕਿੰਗਪਿਨ ਸਪਲਾਇਰ ਸਾਹਬ ਸਿੰਘ ਬਾਰੇ ਪਤਾ ਲਗਾਇਆ। ਅਸੀਂ ਉਸਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਉਸਨੇ ਇਹ ਸ਼ਰਾਬ ਕਿਹੜੀਆਂ ਕੰਪਨੀਆਂ ਤੋਂ ਖਰੀਦੀ ਹੈ। ਮੁਲਜ਼ਮਾਂ ਦੀ ਪਛਾਣ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ), ਸਾਹਿਬ ਸਿੰਘ ਉਰਫ ਸਰਾਏ, ਵਾਸੀ ਮਾਰਡੀ ਕਲਾਂ, ਗੁਰਜੰਟ ਸਿੰਘ, ਨਿੰਦਰ ਕੌਰ ਪਤਨੀ ਜੀਤਾ ਵਜੋਂ ਹੋਈ ਹੈ। ਸਾਨੂੰ ਪੰਜਾਬ ਸਰਕਾਰ ਵੱਲੋਂ ਨਕਲੀ ਸ਼ਰਾਬ ਦੇ ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਛਾਪੇਮਾਰੀ ਜਾਰੀ ਹੈ। ਨਿਰਮਾਤਾਵਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਖ਼ਤ ਧਾਰਾਵਾਂ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸਿਵਲ ਪ੍ਰਸ਼ਾਸਨ ਅਤੇ ਅਸੀਂ ਘਰ-ਘਰ ਜਾ ਕੇ ਪਤਾ ਲਗਾ ਰਹੇ ਹਾਂ ਕਿ ਕਿਸਨੇ ਨਕਲੀ ਸ਼ਰਾਬ ਪੀਤੀ ਹੈ ਤਾਂ ਜੋ ਹੋਰ ਜਾਨਾਂ ਬਚਾਈਆਂ ਜਾ ਸਕਣ। 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 6 ਲੋਕ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ।
ਮਾਸੂਮ ਲੋਕਾਂ ਦੇ ਇਨ੍ਹਾਂ ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ ਵੇਲੇ ਮਜੀਠਾ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਸਹੂਲਤਾਂ ਦਾ ਧਿਆਨ ਰੱਖਣ ਦਾ ਵੀ ਵਾਅਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ 600 ਕਿਲੋਗ੍ਰਾਮ ਮੀਥੇਨੌਲ ਔਨਲਾਈਨ ਆਰਡਰ ਕੀਤਾ ਗਿਆ ਸੀ, ਜਿਸਦੀ ਵਰਤੋਂ ਕਰਕੇ ਇਹ ਸ਼ਰਾਬ ਤਿਆਰ ਕੀਤੀ ਗਈ ਸੀ। ਇਸ ਵੇਲੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਉਸਨੂੰ ਦੱਸਿਆ ਗਿਆ ਕਿ ਇਹ ਮੀਥੇਨੌਲ ਦਿੱਲੀ ਤੋਂ ਮੰਗਵਾਇਆ ਗਿਆ ਸੀ, ਇਸ ਲਈ ਇੱਕ ਟੀਮ ਵੀ ਦਿੱਲੀ ਭੇਜੀ ਗਈ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਫੜਿਆ ਜਾ ਸਕੇ ਜਿਨ੍ਹਾਂ ਤੋਂ ਇਹ ਸਪਲਾਈ ਕੀਤਾ ਜਾ ਰਿਹਾ ਸੀ। ਜਲਦੀ ਹੀ ਪੂਰਾ ਨੈੱਟਵਰਕ ਬੇਨਕਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਆਬਕਾਰੀ ਅਤੇ ਪੁਲਿਸ ਇੰਸਪੈਕਟਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਲੋਕਾਂ ਪਿੱਛੇ ਕੋਈ ਰਾਜਨੀਤਿਕ ਜਾਂ ਹੋਰ ਵੱਡੇ ਲੋਕ ਸਨ। ਮਾਨ ਨੇ ਇਸ ਘਟਨਾ 'ਤੇ ਕਿਹਾ ਕਿ ਮਜੀਠਾ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮਾਸੂਮ ਲੋਕਾਂ ਦੇ ਇਨ੍ਹਾਂ ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਹਨ, ਕਤਲ ਹਨ। ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੇ ਘਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮੈਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।